ਅਰਜਨਟੀਨਾ, ਬਰਾਜ਼ੀਲ ਅਤੇ ਮੈਕਸੀਕੋ: ਸਮਾਨ, ਚਿੱਠੀਆਂ, ਆਦਿ ਦੀ ਵੰਡਾਈ ਕਰਨ ਵਾਲੇ ਹਜ਼ਾਰਾਂ ਮਜ਼ਦੂਰਾਂ ਵਲੋਂ ਹੜਤਾਲਾਂ
ਬਰਾਜ਼ੀਲ ਦੇ ਪ੍ਰਾਂਤਾਂ ਦੀਆਂ ਰਾਜਧਾਨੀਆਂ ਵਿੱਚ ਅਤੇ ਅਰਜਨਟੀਨਾ ਤੇ ਮੈਕਸੀਕੋ ਦੇ ਕਈ ਸ਼ਹਿਰਾਂ ਦੇ ਡਲਿਵਰੀ (ਵੰਡਾਈ) ਮਜ਼ਦੂਰਾਂ ਨੇ, 1 ਜੁਲਾਈ 2020 ਨੂੰ ਹੜਤਾਲ਼ ਕਰਨ ਦਾ ਇੱਕ ਸਾਂਝਾ ਕਦਮ ਪੁੱਟਿਆ। ਇਹ ਵੀ ਜਾਨਣਯੋਗ ਹੈ ਕਿ ਲਾਤੀਨੀ ਅਮਰੀਕਾ ਵਿੱਚ ਕੋਵਿਡ-19 ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ, ਵੰਡਾਈ ਮਜ਼ਦੂਰ ਦੇ ਸੰਘਰਸ਼ ਤੇਜ਼ ਹੋ ਰਹੇ ਹਨ। ਬਰਾਜ਼ੀਲ ਦੇ ਰੀਓ-ਡੀ-ਜਨੀਰੋ ਅਤੇ ਸਾਓ ਪਾਓਲੋ ਸ਼ਹਿਰਾਂ ਵਿੱਚ ਲੌਗੀ ਨਾਮ ਦੀ ਵੰਡਾਈ ਕੰਪਨੀ ਦੇ ਮਜ਼ਦੂਰਾਂ ਨੇ, 9 ਅਤੇ 10 ਜੂਨ 2020 ਨੂੰ ਵੀ ਹੜਤਾਲ਼ ਕੀਤੀ ਸੀ।
ਵੱਖ-ਵੱਖ ਦੇਸ਼ਾਂ ਦੇ ਮਜ਼ਦੂਰਾਂ ਨੇ ਇੰਟਰਨੈਟ ਅਤੇ ਵਾਟਸਐਪ ਰਾਹੀਂ ਇੱਕ-ਦੂਸਰੇ ਨਾਲ ਸੰਪਰਕ ਕਾਇਮ ਕੀਤੇ। ਪਹਿਲੀ ਜੁਲਾਈ 2020 ਦੀ ਹੜਤਾਲ, ਬਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰ ਸਾਓ ਪਾਓਲੋ ਵਿੱਚ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ। ਮਜ਼ਦੂਰਾਂ ਨੇ ਸਵੇਰ ਤੋਂ ਲੈ ਕੇ ਹੀ ਸ਼ੌਪਿੰਗ ਮਾਲਾਂ, ਰੈਸਤੋਰਾਂਤਾਂ ਅਤੇ ਲੌਗੀ ਕਾਰਪੋਰੇਸ਼ਨ ਦੇ ਵੇਅਰ ਹਾਊਸਾਂ ਦੇ ਰਸਤੇ ਰੋਕ ਦਿੱਤੇ। ਬਾਅਦ ਵਿੱਚ, ਸ਼ਹਿਰ ਦੀਆਂ ਬੜੀਆਂ ਸੜਕਾਂ ਉੱਤੇ 5000 ਤੋਂ ਵੱਧ ਵੰਡਾਈ ਮਜ਼ਦੂਰ ਜਮ੍ਹਾ ਹੋ ਗਏ ਅਤੇ ਆਵਾਜਾਈ ਠੱਪ ਕਰ ਦਿੱਤੀ ਗਈ।
ਮਜ਼ਦੂਰਾਂ ਨੇ ਆਪਣੇ ਹੋਰ ਹੱਕਾਂ ਸਮੇਤ ਹਾਦਸਿਆਂ ਵਾਸਤੇ ਅਤੇ ਆਪਣੇ ਦੋ ਪਹੀਆ ਵਾਹਨਾਂ ਦੀ ਚੋਰੀ ਵਾਸਤੇ ਕਵਰੇਜ ਬੀਮਾ ਕਰਵਾਏ ਜਾਣ ਦੀ ਮੰਗ ਕੀਤੀ। ਇਸ ਵਕਤ ਮਜ਼ਦੂਰਾਂ ਲਈ ਲੰਬੇ ਘੰਟੇ ਕੰਮ ਕਰਨਾ ਲਾਜ਼ਮੀ ਹੈ, ਜੋ ਕਿ ਆਮ ਤੌਰ ‘ਤੇ 14 ਘੰਟੇ ਪ੍ਰਤੀ ਦਿਨ ਹੁੰਦਾ ਹੈ, ਅਤੇ ਉਨ੍ਹਾਂ ਨੂੰ ਆਮ ਮਜ਼ਦੂਰਾਂ ਵਾਲੇ ਹੱਕ ਵੀ ਪ੍ਰਾਪਤ ਨਹੀਂ ਹਨ। ਉਨ੍ਹਾਂ ਨੇ ਸ਼ਹਿਰ ਵਿੱਚ ਆਪਣੇ ਫੋਨ ਚਾਰਜ ਕਰਨ ਦਾ ਸੁਵਿਧਾ ਕੇਂਦਰ ਮੁਹੱਈਆ ਕੀਤੇ ਜਾਣ ਦੀ ਮੰਗ ਕੀਤੀ, ਜਿੱਥੇ ਸਾਫ ਬਾਥਰੂਮ ਅਤੇ ਮੇਜ਼ ਕੁਰਸੀਆਂ ਹੋਣ ਅਤੇ ਪੀਣ ਵਾਲਾ ਪਾਣੀ ਮਿਲੇ ਤਾਂ ਕਿ ਉਥੇ ਉਹ ਆਪਣੀ ਰੋਟੀ ਖਾ ਸਕਣ।
ਲਾਤੀਨੀ ਅਮਰੀਕਾ ਦੀ ਸਭ ਤੋਂ ਬੜੀ ਖਾਣ-ਪੀਣ ਦੇ ਸਮਾਨ ਦੀ ਵੰਡਾਈ ਕੰਪਨੀ, ਆਈ-ਫੂਡ ਨੇ ਮਜ਼ਦੂਰਾਂ ਦੇ ਸੰਗਠਨ ਨੂੰ ਤੋੜਨ ਲਈ, ਹੜਤਾਲ਼-ਤੋੜੂ ਕਮੀਨੇ ਭਰਤੀ ਕਰਨ ਦੀ ਕੋਸ਼ਿਸ਼ ਕੀਤੀ। ਹੜਤਾਲ਼ ਵਾਲੇ ਦਿਨ, ਉਹ ਉਸ ਦਿਨ ਕੰਮ ਕਰਨ ਵਾਲਿਆਂ ਨੂੰ ਇੱਕ ਵੰਡ (ਫੇਰੇ) ਲਈ 30 ਰੀਆ (5.50 ਅਮਰੀਕੀ ਡਾਲਰ) ਦਾ ਬੋਨਸ ਦੇਣ ਦੀ ਪੇਸ਼ਕਸ਼ ਕਰ ਰਹੀ ਸੀ। ਇਹ ਕਾਰੋਬਾਰ ਕਰਨ ਵਾਲੀਆਂ ਹੋਰ ਕੰਪਨੀਆਂ, ਜਿਵੇਂ ਰਾਪੀ, ਲੌਗੀ ਅਤੇ ਊਬਰ ਈਟਸ ਵਲੋਂ ਵੀ ਇਹੋ ਜਿਹੇ ਕਦਮ ਲਏ ਗਏ ਸਨ। ਹੜਤਾਲ਼ੀ ਮਜ਼ਦੂਰਾਂ ਨੇ ਕੁੱਝ ਹੜਤਾਲ਼-ਤੋੜੂ ਕਮੀਨਿਆਂ ਨੂੰ ਘੇਰ ਕੇ ਘਰ ਜਾਣ ਲਈ ਮਜਬੂਰ ਕਰ ਦਿੱਤਾ। ਬਾਕੀਆਂ ਨੂੰ ਆਪਣੇ ਸਹਿਕਰਮੀਆਂ ਨਾਲ ਹੜਤਾਲ਼ ਵਿਚ ਸ਼ਾਮਲ ਹੋਣ ਲਈ ਰਜ਼ਾਮੰਦ ਕਰ ਲਿਆ।
ਇਸ ਹੜਤਾਲ਼ ਦੀ ਹੋਰ ਮਜ਼ਦੂਰਾਂ ਵਲੋਂ ਵੀ ਹਮਾਇਤ ਕੀਤੀ ਗਈ। ਸਾਓ ਪਾਓਲੋ ਦੀ ਮੋਟਰ ਸਾਈਕਲ ਮਜ਼ਦੂਰ ਯੂਨੀਅਨ (ਸਿੰਡੀਮੋਟੋ) ਆਪਣੇ ਟਰੱਕ ਅਤੇ ਝੰਡੇ ਲੈ ਕੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਈ। ਉਨ੍ਹਾਂ ਵਲੋਂ ਇਸ ਹੜਤਾਲ਼ ਵਿਚ ਸ਼ਾਮਲ ਹੋਣ ਨਾਲ ਹੜਤਾਲ਼ੀਆਂ ਨੂੰ ਹੋਰ ਵੀ ਉਤਸ਼ਾਹ ਮਿਲਿਆ। ਸ਼ਹਿਰ ਦੇ ਸਕੂਲ ਟਰਾਂਸਪੋਰਟ ਦੇ ਡਰਾਈਵਰਾਂ ਨੇ ਵੀ ਵੰਡਾਈ ਮਜ਼ਦੂਰਾਂ ਦੀ ਹਮਾਇਤ ਵਿਚ ਹੜਤਾਲ਼ ਕੀਤੀ, ਉਨ੍ਹਾਂ ਨੇ ਸਰਕਾਰ ਕੋਲੋਂ ਸਹਾਇਤਾ ਦਿੱਤੇ ਜਾਣ ਦੀ ਮੰਗ ਕੀਤੀ, ਕਿਉਂਕਿ ਮਹਾਂਮਾਰੀ ਦੇ ਸ਼ੁਰੂ ਤੋਂ ਲੈ ਕੇ, ਉਨ੍ਹਾਂ ਦੀ ਆਮਦਨੀ ਆਉਣੀ ਬੰਦ ਹੋ ਗਈ ਸੀ।
ਆਈ ਫੂਡ ਕਾਰਪੋਰੇਸ਼ਨ, ਜਿਸ ਦਾ ਅਧਾਰ ਸਾਓ ਪਾਓਲੋ ਵਿੱਚ ਹੈ ਅਤੇ ਜੋ ਪੂਰੇ ਲਾਤੀਨੀ ਅਮਰੀਕਾ ਵਿੱਚ ਕੰਮ ਕਰਦੀ ਹੈ, ਦੇ ਮਾਲਕ ਬਰਾਜ਼ੀਲ ਵਿੱਚ ਸਭ ਤੋਂ ਅਮੀਰ ਬੰਦੇ, ਜੋਰਜ ਲੈਮਾਨ੍ਹ, ਵਰਗੇ ਕ੍ਰੋੜਪਤੀ ਹਨ। ਕੋਲੰਬੀਆ ਅਧਾਰਿਤ, ਰਾਪੀ ਵਿੱਚ ਪਿਛਲੇ ਸਾਲ ਜਪਾਨੀ ਬਹੁਕੰਪਨੀ ਸੰਗਠਨ, ਸੌਫਟਬੈਂਕ ਨੇ 1 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ। ਉਹ ਮੋਟੇ ਮੁਨਾਫੇ ਬਣਾਉਂਦੇ ਰਹਿਣ ਲਈ, ਵੰਡਾਈ ਮਜ਼ਦੂਰਾਂ ਦੀ ਮਹਾਂ ਲੁੱਟ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਕਿਉਂਕਿ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ, ਇਸ ਲਈ ਉਨ੍ਹਾਂ ਨੇ 12 ਜੁਲਾਈ ਨੂੰ ਇੱਕ ਨਵੀਂ ਹੜਤਾਲ਼ ਦਾ ਸੱਦਾ ਦਿਤਾ ਹੈ।
ਅਰਜਨਟੀਨਾ – ਫਿਲਮ ਉਦਯੋਗ ਮਜ਼ਦੂਰਾਂ ਵਲੋਂ ਬੇਰੁਗਾਰੀ ਭੱਤੇ ਦੀ ਮੰਗ
ਅਰਜਨਟੀਨਾ ਫਿਲਮ ਉਦਯੋਗ ਦੇ ਮਜ਼ਦੂਰਾਂ ਨੇ, 25 ਜੂਨ 2020 ਨੂੰ ਬੂਨੋਜ਼-ਆਰੀਜ਼ ਦੇ ਕੇਂਦਰੀ ਬਜ਼ਾਰ ਵਿੱਚ ਇੱਕ ਰੈਲੀ ਕੀਤੀ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਮਹਾਂਮਾਰੀ ਦੁਰਾਨ ਕੀਤੇ ਗਏ ਲੇਆਫਾਂ (ਛਾਂਟੀਆਂ) ਕਾਰਨ ਆਪਣੇ ਗੁਜ਼ਾਰੇ ਲਈ 30,000 ਪੈਸੋ (425 ਅਮਰੀਕੀ ਡਾਲਰ) ਮਾਸਿਕ ਭੱਤਾ ਦਿੱਤਾ ਜਾਵੇ। ਵਿਖਾਵਾਕਾਰੀਆਂ ਵਿਚ ਤਕਨੀਕੀ ਮਜ਼ਦੂਰਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਉੱਤੇ ਠੋਸਿਆ ਗਿਆ ਆਰਜ਼ੀ ਫਰੀ ਲਾਂਸ (ਉਹ ਵਿਅਕਤੀ ਜੋ ਕਿਸੇ ਇੱਕ ਕੰਪਨੀ ਨਾਲ ਨਾ ਬੱਝੇ ਹੋਏ ਹੋਣ) ਦਰਜਾ ਵਾਪਸ ਲਿਆ ਜਾਵੇ। ਅਪਰੈਲ ਦੇ ਸ਼ੁਰੂ ਵਿੱਚ ਅਰਜਨਟੀਨਾ ਵਿੱਚ ਲਾਕਡਾਊਨ ਲਾਗੂ ਹੋਣ ਤੋਂ ਲੈ ਸਿਨੇਮਾ ਅਤੇ ਟੈਲੀਵੀਯਨ ਲਈ ਕੰਮ ਕਰਨ ਵਾਲੇ 5,000 ਤੋਂ ਵੱਧ ਤਕਨੀਕੀ ਅਤੇ ਆਰਜ਼ੀ ਮਜ਼ਦੂਰਾਂ ਲੇ-ਆਫ ਹਨ ਅਤੇ ਸਰਕਾਰ ਨੇ ਹੁਣ ਤਾਈਂ ਉਨ੍ਹਾਂ ਦੀ ਕਿਸੇ ਕਿਸਮ ਦੀ ਕੋਈ ਮੱਦਦ ਨਹੀਂ ਕੀਤੀ।
ਬਰਾਜ਼ੀਲ – ਸਾਓ ਪਾਓਲੋ ਦੇ ਢੋਆ-ਢੁਆਈ ਤੇ ਆਵਾਜਾਈ (ਟਰਾਂਜ਼ਿਟ) ਦੇ ਮਜ਼ਦੂਰਾਂ ਵਲੋਂ ਹੜਤਾਲ਼ ਕਰਨ ਦਾ ਫੈਸਲਾ
ਸਾਓ ਪਾਓਲੋ ਟਰਾਂਜ਼ਿਟ ਮਜ਼ਦੂਰਾਂ ਨੇ, ਜੂਨ ਦੇ ਆਖਰੀ ਹਫਤੇ ਵਿਚ ਹੜਤਾਲ ਦੇ ਹੱਕ ਵਿਚ ਵੋਟ ਪਾਏ ਹਨ। ਉਨ੍ਹਾਂ ਦਾ ਫੈਸਲਾ ਹੈ ਕਿ ਉਹ ਟਰਾਂਜ਼ਿਟ ਕੰਪਨੀਆਂ ਦੇ ਪ੍ਰਬੰਧਨ ਵਲੋਂ ਮਨਮਰਜ਼ੀ ਨਾਲ ਸਵਾਸਥ, ਕੰਮ ਦੀਆਂ ਹਾਲਤਾਂ ਅਤੇ ਰਾਸ਼ਣ ਲਈ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਨੂੰ ਘਟਾਉਣ ਲਈ ਲਏ ਗਏ ਕਦਮਾਂ ਦੇ ਖ਼ਿਲਾਫ਼ ਜੁਲਾਈ ਵਿੱਚ ਹੜਤਾਲ਼ ਕਰਨਗੇ। 90 ਫੀਸਦੀ ਤੋਂ ਵੱਧ ਵੋਟਾਂ ਹੜਤਾਲ਼ ਦੇ ਹੱਕ ‘ਚ ਪਈਆਂ ਹਨ। ਸਾਓ ਪਾਓਲੋ ਟਰਾਂਜ਼ਿਟ ਉਦਯੋਗ ਵਿਚ 2,500 ਮਜ਼ਦੂਰ ਕੰਮ ਕਰਦੇ ਹਨ।
ਨਵੇਂ ਕਦਮ, ਉਸ ਦਿਨ ਤੋਂ ਸ਼ੁਰੂ ਕੀਤੇ ਗਏ ਹਨ, ਜਿਸ ਦਿਨ ਪਹਿਲੇ ਟਰਾਂਜ਼ਿਟ ਮਜ਼ਦੂਰ ਦੀ ਕੋਵਿਡ-19 ਨਾਲ ਮੌਤ ਹੋਈ ਸੀ। ਹੁਣ ਤਕ 300 ਤੋਂ ਵੱਧ ਟਰਾਂਜ਼ਿਟ ਮਜ਼ਦੂਰਾਂ ਨੂੰ ਕਰੋਨਾ ਦੀ ਛੂਤ ਲੱਗ ਚੁੱਕੀ ਹੈ।
ਮੈਕਸੀਕੋ – ਸਕੂਲ ਟੀਚਰਾਂ ਵਲੋਂ ਬਕਾਇਆ ਤਨਖਾਹ ਦੀ ਮੰਗ
1 ਜੁਲਾਈ, 2020 ਨੂੰ ਮੈਕਸੀਕੋ ਸ਼ਹਿਰ ਦੇ ਚਿਮਾਲਹੂਸਾਨ ਕਸਬੇ ਦੇ ਟੀਚਰਾਂ ਨੇ ਟੋਲੂਕਾ ਵਿਖੇ ਸਥਿਤ ਰਾਜ ਸਰਕਾਰ ਦੇ ਦਫਤਰ ਅੱਗੇ ਆਪਣੇ ਬਕਾਇਆ ਵੇਤਨਾਂ ਦੀ ਮੰਗ ਲਈ ਧਰਨਾ ਦਿੱਤਾ। 700 ਤੋਂ ਵੱਧ ਟੀਚਰ ਹਾਲੇ ਵੀ ਇੰਟਰਨੈਟ ਰਾਹੀਂ ਪੜ੍ਹਾ ਰਹੇ ਹਨ, ਪਰ ਉਨ੍ਹਾਂ ਨੂੰ 9 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਹੈ। ਚਿਮਾਲਹੁਸਾਨ ਦੇ ਟੀਚਰਾਂ ਵਲੋਂ 75 ਸਕੂਲਾਂ ਦੇ ਕੁੱਲ ਮਿਲਾ ਕੇ 20,000 ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਅਤੇ ਹਰ ਕਲਾਸ ਵਿੱਚ 80 ਤਕ ਵਿਦਿਆਰਥੀ ਹਨ।
ਰਾਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਚਰਾਂ ਨੂੰ ਤਨਖਾਹ ਦੇਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ।
ਚਿਮਾਲਹੁਸਾਨ ਮੈਕਸੀਕੋ ਦੇ ਸਭ ਤੋਂ ਗਰੀਬ ਕਸਬਿਆਂ ਵਿਚੋਂ ਇੱਕ ਹੈ। ਇਥੋਂ ਦੀ 6 ਲੱਖ ਅਬਾਦੀ ਵਿਚੋਂ 13 ਫੀਸਦੀ ਲੋਕ ਝੁੱਗੀਆਂ ਝੌਂਪੜੀਆਂ ਵਿੱਚ ਅੱਤ ਦੀ ਗਰੀਬੀ ਵਿਚ ਜ਼ਿੰਦਗੀ ਬਸਰ ਕਰ ਰਹੇ ਹਨ। ਅਧਿਉਂ ਵੱਧ ਬੱਚਿਆਂ ਕੋਲ ਪੜ੍ਹਨ ਜਾਂ ਡਾਕਟਰੀ ਇਲਾਜ਼ ਤਕ ਕੋਈ ਪਹੁੰਚ ਨਹੀਂ ਹੈ।
ਪੇਰੂ – ਤਾਂਬੇ ਦੀ ਕੌਬਰੀਜ਼ਾ ਖਾਣ ਦੇ ਮਜ਼ਦੂਰ ਇਸਨੂੰ ਮੁੜ ਕੇ ਖੋਲ੍ਹੇ ਜਾਣ ਦੀ ਮੰਗ ਕਰ ਰਹੇ ਹਨ
ਮਜ਼ਦੂਰਾਂ ਨੇ ਕੋਬਰੀਜ਼ਾ ਖਾਨ ਨੂੰ ਵੇਚੇ ਜਾਣ ਦੇ ਖ਼ਿਲਾਫ਼ ਹੁਆਕੇਓ ਸ਼ਹਿਰ ਵਿੱਚ ਇੱਕ ਰੈਲੀ ਕੀਤੀ। ਇਸ ਖਾਣ ਵਿੱਚ 3 ਮਜ਼ਦੂਰਾਂ ਦੀ ਮੌਤ ਹੋਣ ਤੋਂ ਬਾਅਦ, ਇਸ ਨੂੰ ਦਿਸੰਬਰ ਵਿੱਚ ਬੰਦ ਕਰ ਦਿੱਤਾ ਗਿਆ ਸੀ, ਨਾਲੇ ਇਸ ਖਾਣ ਨੂੰ ਚਲਾਉਣ ਵਾਲੀ ਕੰਪਨੀ, ਡੋ ਰਨ ਪਰੂ, ਦਿਵਾਲੀਆ ਹੋ ਗਈ ਸੀ। ਇਸ ਖਾਣ ਦਾ ਕਾਰੋਬਾਰ ਬੰਦ ਕਰਨ ਦੀ ਕਾਰਵਾਈ, ਉਸ ਸਮਝੌਤੇ ਦੀ ਉਲੰਘਣਾ ਕਰਕੇ ਕੀਤੀ ਜਾ ਰਹੀ ਹੈ, ਜਿਸਦੇ ਮੁਤਾਬਿਕ ਉਥੇ ਕੰਮ ਕਰ ਰਹੇ 2500 ਖਾਣ ਮਜ਼ਦੂਰਾਂ ਦੀਆਂ ਨੌਕਰੀਆਂ ਦੀ ਗਰੰਟੀ ਕੀਤੀ ਗਈ ਸੀ। ਇਹ ਵੀ ਸੱਚਾਈ ਹੈ ਕਿ ਮਜ਼ਦੂਰਾਂ ਨੂੰ ਪਿਛਲੇ ਸੱਤ ਮਹੀਨਿਆਂ ਤੋਂ ਕੋਈ ਤਨਖਾਹ ਨਹੀਂ ਦਿੱਤੀ ਗਈ ਹੈ। ਪਰੂ ਦੇ ਅਧਿਕਾਰੀਆਂ ਨੇ ਕੋਵਿਡ-19 ਦੇ ਸੰਕਟਕਾਲੀ ਨਿਯਮਾਂ ਨੂੰ ਬਹਾਨੇ ਦੇ ਤੌਰ ‘ਤੇ ਵਰਤ ਕੇ ਰੈਲੀ ਲਈ ਜਾ ਰਹੇ 200 ਖਾਣ ਮਜ਼ਦੂਰਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ। ਅਧਿਕਾਰੀਆਂ ਦੀ ਧੱਕੇਸ਼ਾਹੀ ਦੇਖੋ, ਕਿ ਰੈਲੀ ਦਾ ਨੀਯਤ ਸਮਾਂ ਸਵੇਰੇ 8.30 ਵਜੇ ਸੀ ਅਤੇ ਕੋਵਿਡ ਸਬੰਧੀ ਕਰਫਿਊ ਰਾਤ 9.00 ਵਜੇ ਤੋਂ ਲੈ ਤੜਕੇ 4.00 ਵਜੇ ਤਕ ਸੀ, ਫਿਰ ਵੀ ਇਨ੍ਹਾਂ ਮਜ਼ਦੂਰਾਂ ਨੂੰ ਸਵੇਰ ਵੇਲੇ ਗਿ੍ਰਫਤਾਰ ਕਰ ਲਿਆ ਗਿਆ।
ਅਮਰੀਕਾ – ਮੇਨ ਸੂਬੇ ਦੇ ਬਾਥ ਆਇਰਨ ਸ਼ਿਪਯਾਰਡ ਦੇ ਮਜ਼ਦੂਰਾਂ ਦੀ ਹੜਤਾਲ਼ ਜਾਰੀ
ਅਮਰੀਕਾ ਦੇ ਮੇਨ ਸਟੇਟ (ਸੂਬੇ) ਦੇ ਪੋਰਟਲੈਂਡ ਸ਼ਹਿਰ ਦੇ ਉੱਤਰ ਵਿੱਚ ਬਾਥ ਆਇਰਨ ਵਰਕਸ ਨਾਮ ਦੀ ਸਮੁੰਦਰੀ ਜਹਾਜ਼ਾਂ ਦੀ ਫੈਕਟਰੀ (ਸ਼ਿਪਯਾਰਡ) ਦੇ ਕਰੀਬ 4,300 ਮਜ਼ਦੂਰ, 22 ਜੂਨ 2020 ਤੋਂ ਲੈ ਕੇ ਆਪਣੇ ਕੰਮ ਦੀਆਂ ਸ਼ਰਤਾਂ ਨਾਲ ਸਬੰਧਿਤ ਮਾਮਲਿਆਂ ਬਾਰੇ ਹੜਤਾਲ਼ ਉਤੇ ਹਨ। ਹੜਤਾਲ਼ ਦੁਰਾਨ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੰਪਨੀ ਨੇ ਉਨ੍ਹਾਂ ਦੀ ਡਾਕਟਰੀ ਸਹਾਇਤਾ ਦਾ ਬੀਮਾ ਖਤਮ ਕਰ ਦਿੱਤਾ ਹੈ। ਹੜਤਾਲ਼ ਦੇ ਸ਼ੁਰੂ ਹੋਣ ਤੋਂ ਬਾਅਦ ਮਜ਼ਦੂਰਾਂ ਅਤੇ ਕੰਪਨੀ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ, ਬੇਸ਼ੱਕ ਹੁਣ ਕੇਂਦਰੀ ਸੁਲਾਹਕਾਰਾਂ ਨੂੰ ਲੈਆਂਦਾ ਗਿਆ ਹੈ। ਮਜ਼ਦੂਰਾਂ ਨੇ ਹੜਤਾਲ਼ ਉਤੇ ਜਾਣ ਤੋਂ ਪਹਿਲਾਂ ਕੰਪਨੀ ਦੀ “ਆਖਰੀ ਅਤੇ ਸਭ ਤੋਂ ਅੱਛੀ” ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਸੀ। ਕੰਪਨੀ ਨੇ ਮਜ਼ਦੂਰਾਂ ਦੀ ਤਨਖਾਹ ਵਿੱਚ ਨਿਗੂਣਾ 3 ਫੀਸਦੀ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਸੀ, ਜਦ ਕਿ ਇਸ ਤੋਂ ਪਹਿਲਾਂ ਹੋਏ ਸਮਝੌਤੇ ਦੀਆਂ ਸ਼ਰਤਾਂ ਮੁਤਾਬਿਕ, ਉਨ੍ਹਾਂ ਦੇ ਵੇਤਨਾਂ ਦੇ ਵਧਣ ਉਤੇ ਰੋਕ ਲਾਈ ਗਈ ਸੀ ਅਤੇ ਉਹ ਸਮਝੌਤਾ 2015 ਵਿੱਚ ਖਤਮ ਹੋ ਗਿਆ ਸੀ। ਲੇਕਿਨ ਮੌਜੂਦਾ ਝਗੜੇ ਦਾ ਮੁੱਖ ਮੁੱਦਾ ਕੰਪਨੀ ਦੀ ਹੋਰ ਠੇਕਾ-ਮਜ਼ਦੂਰ ਲਿਆਉਣ ਦੀ ਮੰਗ ਸੀ। ਕੰਪਨੀ ਮੁਤਾਬਿਕ ਨਾ-ਮੁਕੰਮਲ ਹੋਏ ਜਹਾਜ਼ਾਂ ਦੀ ਵਕਤ ਸਿਰ ਤਿਆਰੀ ਲਈ ਵਧੇਰੇ ਠੇਕਾ-ਮਜ਼ਦੂਰ ਲਿਆਉਣ ਦੀ ਜ਼ਰੂਰਤ ਹੈ।
ਮਜ਼ਦੂਰਾਂ ਵਲੋਂ ਠੇਕਾ-ਮਜ਼ਦੂਰਾਂ ਦੀ ਗਿਣਤੀ ਵਧਾਉਣ ਦੇ ਸੁਝਾਅ ਦੀ ਵਿਰੋਧਤਾ ਕੀਤੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਜੇਠੇ-ਅਧਿਕਾਰਾਂ (ਕੰਮ ਉਤੇ ਸਮੇਂ ਦੀ ਲੰਬਾਈ ਨਾਲ ਸਬੰਧਿਤ ਅਧਿਕਾਰ) ਦਾ ਨੁਕਸਾਨ ਹੁੰਦਾ ਹੈ। ਮਜ਼ਦੂਰਾਂ ਨੂੰ ਸ਼ੰਕਾ ਹੈ ਕਿ ਕੰਪਨੀ ਜੇਠੇ-ਅਧਿਕਾਰਾਂ ਨੂੰ ਛਿੱਕੇ ਉੱਤੇ ਟੰਗ ਕੇ ਮਜ਼ਦੂਰਾਂ ਨੂੰ ਆਪਣੀ ਮਰਜ਼ੀ ਨਾਲ ਕੰਮ ਦੇ ਸਕਦੀ ਹੈ, ਜਿਸ ਨਾਲ ਪੁਰਾਣੇ ਮਜ਼ਦੂਰਾਂ ਅਤੇ ਉੱਚੇ ਵੇਤਨਾਂ ਵਾਲੇ ਮਜ਼ਦੂਰਾਂ ਨਾਲ ਜ਼ਿਆਦਤੀ ਹੋਵੇਗੀ ਅਤੇ ਉਨ੍ਹਾਂ ਨੂੰ ਕੱਢਣ ਲਈ ਹਾਲਾਤ ਤਿਆਰ ਕੀਤੇ ਜਾ ਸਕਣਗੇ। ਮੈਨੇਜਮੈਂਟ ਨੇ ਜੂਨ ਵਿੱਚ ਐਲਾਨ ਕੀਤਾ ਸੀ ਕਿ ਉਹ ਬਾਹਰਲੇ ਠੇਕੇਦਾਰਾਂ ਰਾਹੀਂ ਮਜ਼ਦੂਰਾਂ ਨੂੰ ਕੰਮ ‘ਤੇ ਰੱਖਣ ਅਤੇ ਉਨ੍ਹਾਂ ਨੂੰ ਹੜਤਾਲ-ਤੋੜੂਆਂ ਦੇ ਤੌਰ ਉੱਤੇ ਵਰਤਣ ਦਾ ਇਰਾਦਾ ਰੱਖਦੀ ਹੈ।
ਸ਼ਿਪਯਾਰਡ ਕੋਲ ਅਮਰੀਕੀ ਨੇਵੀ ਦੇ ਜਹਾਜ਼ਾਂ ਦੇ ਆਰਡਰ ਜਮ੍ਹਾਂ ਹੋਏ ਪਏ ਹਨ, ਜੋ ਕੰਮ ਮੁਕੰਮਲ ਹੋਣ ਵਿੱਚ 6 ਮਹੀਨੇ ਲੇਟ ਚੱਲ ਰਿਹਾ ਹੈ। ਇਹ ਸ਼ਿਪਯਾਰਡ ਨੇਵੀ ਨੂੰ ਸਪਲਾਈ ਕਰਨ ਵਾਲੇ 5 ਸਭ ਤੋਂ ਬੜੇ ਸ਼ਿਪਯਾਰਡਾਂ ਵਿਚੋਂ ਇੱਕ ਹੈ ਅਤੇ ਤਬਾਹਕਾਰ ਜਹਾਜ਼ (ਡਿਸਟਰੌਇਰਜ਼) ਬਣਾਉਣ ਵਾਲੇ ਦੋ ਸ਼ਿਪਯਾਰਡਾਂ ਵਿਚੋਂ ਇੱਕ ਹੈ। ਹੜਤਾਲ਼ ਨਾਲ ਅਮਰੀਕੀ ਨੇਵੀ ਨੂੰ ਹੋਣ ਵਾਲੀ ਅਹਿਮ ਸਪਲਾਈ ਉੱਤੇ ਅਸਰ ਹੋਇਆ ਹੈ।
ਕਈਆਂ ਮਜ਼ਦੂਰਾਂ ਨੇ ਗੁੱਸਾ ਪ੍ਰਗਟਾਇਆ ਹੈ ਕਿ ਸਿਤਮ ਦੀ ਗੱਲ ਇਹ ਹੈ ਕਿ ਸ਼ਿਪਯਾਰਡ ਦੇ ਮਜ਼ਦੂਰਾਂ ਦੇ ਕੋਵਿਡ-19 ਨਾਲ ਬਿਮਾਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਕੰਪਨੀ ਨੇ ਉਨ੍ਹਾਂ ਦੇ ਡਾਕਟਰੀ ਬੀਮਾ ਕਵਰੇਜ ਹਟਾ ਦਿੱਤੇ ਹਨ। ਕੋਵਿਡ ਮਹਾਂਮਾਰੀ ਦੁਰਾਨ ਸ਼ਿਪਯਾਰਡ ਖੁੱਲ੍ਹਾ ਰਿਹਾ ਹੈ ਅਤੇ ਮਜ਼ਦੂਰਾਂ ਨੂੰ ਕੰਮ ਉੱਤੇ ਆਉਣ ਲਈ ਮਜਬੂਰ ਕੀਤਾ ਗਿਆ ਸੀ, ਕਿਉਂਕਿ ਟਰੰਪ ਸ਼ਾਸਣ ਜੰਗੀ ਜਹਾਜ਼ ਬਣਾਉਣ ਨੂੰ “ਸੰਕਟਮਈ ਦਰਜੇ ਦੀ ਅਹਿਮੀਅਤ” ਵਾਲਾ ਕੰਮ ਸਮਝਦਾ ਹੈ।
ਕੰਪਨੀ ਨੇ 2019 ਵਿਚ 3 ਬਿਲੀਅਨ ਡਾਲਰ ਦਾ ਮੁਨਾਫਾ ਦਿਖਾਇਆ ਸੀ। ਅਮਰੀਕੀ ਕਾਂਗਰਸ ਨੇ ਹੁਣੇ ਜਿਹੇ ਹੀ ਪੈਂਟਾਗਾਨ ਲਈ 4.4 ਬਿਲੀਅਨ ਡਾਲਰ ਦੇ ਬੱਜਟ ਨੂੰ ਮਨਜ਼ੂਰੀ ਦਿੱਤੀ ਹੈ, ਜੋ ਉਚੇਚਾ ਤੌਰ ਉਤੇ ਉਸਦੀ ਪ੍ਰਮਾਣੂੰ ਸਮਰੱਥਾ ਨੂੰ ਵਧਾਉਣ ਲਈ ਕੋਲੰਬੀਆ-ਕਲਾਸ ਦੀਆਂ ਸਬ-ਮਰੀਨਾਂ ਬਣਾਉਣ ਉੱਤੇ ਖਰਚਿਆ ਜਾਵੇਗਾ। ਬਾਥ ਆਇਰਨ ਵਰਕਸ ਨੂੰ ਇਸ ਵਿਚੋਂ ਮੋਟਾ ਮੁਨਾਫਾ ਹੋਵੇਗਾ। ਜਦਕਿ ਕੰਪਨੀ ਮਜ਼ਦੂਰਾਂ ਕੋਲੋਂ ਰਿਆਇਤਾਂ ਮੰਗ ਰਹੀ ਹੈ, ਦੂਸਰੇ ਪਾਸੇ ਉਸਨੇ 2018 ਵਿੱਚ ਬਣਾਏ 15.3 ਡਾਲਰ ਮੁਨਾਫੇ ਵਿਚੋਂ 2.4 ਬਿਲੀਅਨ ਡਾਲਰ ਦੀ ਕੀਮਤ ਦੇ ਆਪਣੀ ਹੀ ਕੰਪਨੀ ਦੇ ਸ਼ੇਅਰ ਖ੍ਰੀਦਣ ਲਈ ਵਰਤੇ ਹਨ ਤਾਂ ਕਿ ਕੰਪਨੀ ਦੇ ਨਿਵੇਸ਼ਕਾਂ ਅਤੇ ਉੱਚ ਅਫਸਰਾਂ ਨੂੰ ਹੋਰ ਅਮੀਰ ਬਣਾਇਆ ਜਾ ਸਕੇ।
2015 ਵਿਚ ਬਾਥ ਸ਼ਿਪਯਾਰਡ ਦੇ ਮਜ਼ਦੂਰਾਂ ਨੂੰ ਕੰਪਨੀ ਦੀ ਮੁਕਾਬਲਾ ਕਰਨ ਦੀ ਸਥਿਤੀ ਯਕੀਨੀ ਬਣਾਉਣ ਲਈ ਡਾਕਟਰੀ ਇਲਾਜ਼ ਅਤੇ ਪੈਨਸ਼ਨਾਂ ਵਿੱਚ ਕਟੌਤੀ ਅਤੇ ਵੇਤਨ ਨਾ ਵਧਾਉਣ ਲਈ ਮਜਬੂਰ ਕੀਤਾ ਗਿਆ ਸੀ। ਬੇਸ਼ੱਕ ਕੰਪਨੀ ਨੇ ਪਿਛਲੇ ਪੰਜਾਂ ਸਾਲਾਂ ਵਿੱਚ ਅੰਨ੍ਹੇ ਮੁਨਾਫੇ ਬਣਾਏ ਹਨ, ਪਰ ੳੇੁਹ ਮਜ਼ਦੂਰਾਂ ਦੀ ਅੰਨ੍ਹੀ ਲੁੱਟ ਨੂੰ ਜਾਰੀ ਰੱਖ ਰਹੀ ਹੈ।
ਡਿਜ਼ਨੀਲੈਂਡ ਦੇ ਮਜ਼ਦੂਰਾਂ ਵਲੋਂ ਅਣਸੁਰੱਖਿਅਤ ਹਾਲਤਾਂ ਦੇ ਖ਼ਿਲਾਫ਼ ਮੁਜ਼ਾਹਰਾ
ਡਿਜ਼ਨੀਲੈਂਡ ਮਨੋਰੰਜਨ ਰੀਜ਼ੋਰਟ ਦੇ ਮਜ਼ਦੂਰਾਂ ਨੇ, ਇਸ ਸੁਵਿਧਾ ਨੂੰ ਅਣਸੁਰੱਖਿਅਤ ਹਾਲਤ ਵਿਚ ਖੋਲ੍ਹ ਦੇਣ ਦੀ ਯੋਜਨਾ ਦੇ ਖ਼ਿਲਾਫ਼ ਗੁੱਸਾ ਪ੍ਰਗਟ ਕਰਨ ਲਈ 27 ਜੂਨ 2020 ਨੂੰ ਕੰਪਨੀ ਦੇ ਕੈਲੇਫੋਰਨੀਆਂ ਵਿਚ ਐਨਹਾਈਮ ਕੰਪਲੈਕਸ ਦੇ ਦੁਆਲੇ ਇੱਕ ਕਾਰਵਾਂ ਬਣਾ ਕੇ ਆਪਣੀਆਂ ਕਾਰਾਂ ਵਿੱਚ ਚੱਕਰ ਕੱਟੇ।
ਪ੍ਰੈਸ ਰਿਪੋਰਟਾਂ ਅਨੁਸਾਰ, ਕੰਪਨੀ ਨੇ ਮਜ਼ਦੂਰਾਂ ਦੀਆਂ ਯੂਨੀਅਨਾਂ ਵਲੋਂ ਕੰਪਲੈਕਸ ਵਿੱਚ ਸੁਰੱਖਿਅਤ ਹਾਲਾਤਾਂ ਲਈ ਘੱਟ ਤੋਂ ਘੱਟ ਅਰਜ਼ ਕੀਤੀਆਂ ਸ਼ਰਤਾਂ ਮਨਜ਼ੂਰ ਕਰਨ ਤੋਂ ਨਾਂਹ ਕਰ ਦਿੱਤੀ ਸੀ। ਇਨ੍ਹਾਂ ਸ਼ਰਤਾਂ ਵਿੱਚ ਕੋਵਿਡ-19 ਲਈ ਟੈਸਟਾਂ ਦੀਆਂ ਹਦਾਇਤਾਂ, ਸਫਾਈ ਦਾ ਮਿਆਰ ਉੱਚਾ ਰੱਖਣ ਲਈ ਵਧੇਰੇ ਸਟਾਫ, ਕਮਰਿਆਂ ਦੀ ਨਿਸ਼ਚਲ ਬਿਜਲੀ ਦੀ ਸਫਾਈ ਅਤੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਬੀਮਾਰੀ ਉਤੇ ਕਾਬੂ ਪਾਉਣ ਦਾ ਕੇਂਦਰ) ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਮੰਨਣਾ ਸ਼ਾਮਲ ਸੀ। ਡਿਜ਼ਨੀ ਦਾ ਐਨਾਹਾਈਮ ਕੰਪਲੈਕਸ ਲਾਸ ਏਂਜਲਸ ਕਾਊਂਟੀ ਦੇ ਨਜ਼ਦੀਕ ਸਥਿਤ ਹੈ, ਜਿੱਥੇ ਇਸ ਵੇਲੇ ਕੋਵਿਡ-19 ਦੇ ਕੇਸਾਂ ਦੀ ਭਰਮਾਰ ਹੈ। ਔਰੇਂਜ ਕਾਊਂਟੀ ਵਿਚ ਐਨਾਹਾਈਮ ਵਿੱਚ ਸਭ ਤੋਂ ਵੱਧ ਕੋਵਿਡ ਕੇਸ ਹਨ। ਮਜ਼ਦੂਰਾਂ ਦੇ ਬੇਰੁਜ਼ਗਾਰੀ ਭੱਤੇ ਜੁਲਾਈ ਵਿੱਚ ਖਤਮ ਹੋ ਜਾਣਗੇ, ਜਿਸਦੀ ਵਜ੍ਹਾ ਨਾਲ ਮਜ਼ਦੂਰਾਂ ਲਈ ਅਣਸੁਰੱਖਿਅਤ ਹਾਲਤਾਂ ਵਿਚ ਕੰਮ ਉੱਤੇ ਵਾਪਸ ਆਉਣ ਲਈ ਆਰਥਿਕ ਮਜਬੂਰੀ ਬਣ ਜਾਵੇਗੀ।
ਕਨੇਡਾ – ਕਿਊਬੈਕ ਪ੍ਰਾਂਤ ਵਿੱਚ ਦਵਾਈਆਂ ਦੀਆਂ ਦੁਕਾਨਾਂ ਦੀ ਲੜੀ ਦੇ ਵੇਅਰਹਾਊਸ ਦੇ ਮਜ਼ਦੂਰਾਂ ਵਲੋਂ ਹੜਤਾਲ਼ ਲਈ ਮੱਤਦਾਨ
ਮੈਟਰੋ-ਜੀਨ ਕਊਟੂ ਦਵਾਈਆਂ ਦੀਆਂ ਦੁਕਾਨਾਂ ਦੀ ਲੜੀ ਦੇ ਵੇਅਰਹਾਊਸ ਦੇ 700 ਮਜ਼ਦੂਰਾਂ ਨੇ ਬਹੁਤ ਬੜੇ ਬਹੁਮੱਤ ਨਾਲ ਹੜਤਾਲ਼ ਕਰਨ ਲਈ ਮੱਤਦਾਨ ਕੀਤਾ ਹੈ। ਮੌਂਟਰੀਆਲ ਦੇ ਨਜ਼ਦੀਕ ਸਥਿਤ ਵੇਅਰਹਾਊਸਾਂ ਦੇ ਕੇਂਦਰ ਵਿੱਚ ਅਧਾਰਿਤ ਇਸ ਵੇਅਰਹਾਊਸ ਦੇ ਮਜ਼ਦੂਰ ਬੇਹਤਰ ਪੈਨਸ਼ਨਾਂ, ਬੀਮਾ ਕਵਰੇਜ, ਕੰਮ ਦੀਆਂ ਬੇਹਤਰ ਸ਼ਿਫਟਾਂ ਅਤੇ ਅੰਸ਼ਕ-ਘੰਟੇ ਕੰਮ ਕਰਨ ਵਾਲੇ ਤੇ ਠੇਕਾ ਮਜ਼ਦੂਰਾਂ ਨੂੰ ਨਿਯਮਿਤ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
ਸਮੱੁਚੇ ਕਨੇਡਾ ਵਿੱਚ ਦਵਾਈਆਂ ਦੀਆਂ ਦੁਕਾਨਾਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਨੂੰ ਜ਼ਰੂਰੀ ਸੇਵਾਵਾਂ ਐਲਾਨ ਕੀਤਾ ਗਿਆ ਹੈ ਅਤੇ ਮਹਾਂਮਾਰੀ ਦੁਰਾਨ ਇਹ ਖੁੱਲ੍ਹੀਆਂ ਰਹੀਆਂ ਹਨ। ਕੋਵਿਡ ਮਹਾਂਮਾਰੀ ਦਾ ਅਸਰ ਕਨੇਡਾ ਦੇ ਸਾਰੇ ਸੂਬਿਆਂ ਵਿਚੋਂ ਕਿਊਬੈਕ ਵਿੱਚ ਸਭ ਤੋਂ ਵੱਧ ਹੋਇਆ ਹੈ। ਹੁਣ ਤਕ 55,000 ਤੋਂ ਵੱਧ ਲੋਕ ਕੋਵਿਡਵਾਇਰਸ ਪਾਜ਼ੇਟਿਵ ਪਾਏ ਗਏ ਹਨ ਅਤੇ 5,450 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਮੌਂਟਰੀਆਲ ਸ਼ਹਿਰ ਇਸ ਛੂਤ ਦਾ ਗੜ੍ਹ ਚੱਲਦਾ ਆ ਰਿਹਾ ਹੈ।
ਜੀਨ ਕਊਟ, ਕਿਊਬੈਕ ਅਤੇ ਪੂਰਬੀ ਔਂਟੇਰੀਓ ਪ੍ਰਾਂਤਾਂ ਵਿੱਚ ਇੱਕ ਜਾਣਿਆ-ਪਛਾਣਿਆਂ ਨਾਮ ਹੈ। 2018 ਵਿਚ ਇਸਨੂੰ ਮੌਂਟਰੀਅਲ-ਅਧਾਰਿਤ ਮੈਟਰੋ ਗਰੌਸਰੀ ਲੜੀ ਨੇ ਖਰੀਦ ਲਿਆ ਸੀ ਅਤੇ ਇਹ ਲੋਹੜੇ ਦਾ ਮੁਨਾਫੇਦਾਰ ਕਾਰੋਬਾਰ ਹੋ ਨਿਬੜਿਆ ਹੈ।
ਕੰਬੋਡੀਆ – ਟੈਕਸਟਾਈਲ ਮਜ਼ਦੂਰ ਆਪਣੇ ਵੇਤਨਾਂ ਦੀ ਮੰਗ ਕਰ ਰਹੇ ਹਨ
29 ਜੂਨ, 2020 ਨੂੰ, ਸੈਮਰਾਊਂਗ ਟੌਂਗ ਜ਼ਿਲੇ੍ਹ ਵਿੱਚ ਸਥਿਤ ਨਿਊ ਬੈਸਟ ਗਲੋਬਲ ਟੈਕਸਟਾਈਲ ਫੈਕਟਰੀ ਦੇ 50 ਤੋਂ ਵੱਧ ਮਜ਼ਦੂਰ, ਕੰਬੋਡੀਆ ਦੀ ਰਾਜਧਾਨੀ, ਨੌਮ ਪਿਨ ਵਿਖੇ ਲੇਬਰ ਮੰਤਰਾਲੇ ਦੇ ਦਫਤਰ ਦੇ ਸਾਹਮਣੇ ਮੁਜ਼ਾਹਰਾ ਕਰਨ ਲਈ 70 ਕਿਲੋਮੀਟਰ ਦਾ ਸਫਰ ਕਰਕੇ ਗਏ। ਮਜ਼ਦੂਰ ਸਰਕਾਰ ਕੋਲੋਂ ਮੰਗ ਕਰ ਰਹੇ ਹਨ ਕਿ ਉਹ ਉਨ੍ਹਾਂ ਦੀਆਂ ਬਕਾਇਆ ਤਨਖਾਹਾਂ ਅਤੇ ਹੋਰ ਭੱਤੇ ਦੁਆਉਣ ਵਿੱਚ ਮੱਦਦ ਕਰੇ, ਕਿਉਂਕਿ ਫੈਕਟਰੀ ਦਾ ਮਾਲਕ ਮਾਰਚ ਵਿੱਚ ਦੇਸ਼ ਵਿਚੋਂ ਫਰਾਰ ਹੋ ਗਿਆ ਸੀ।
ਮਜ਼ਦੂਰਾਂ ਨੇ ਮੀਡੀਆ ਨੂੰ ਦੱਸਿਆ ਹੈ ਕਿ ਉਹ ਤਿੰਨਾਂ ਮਹੀਨਿਆਂ ਤਕ ਲੇਬਰ ਮੰਤਰਾਲੇ ਵਲੋਂ ਮੱਦਦ ਕੀਤੇ ਜਾਣ ਦੇ ਵਾਇਦੇ ਨੂੰ ਪੂਰਾ ਕੀਤਾ ਜਾਣ ਦੀ ਉਡੀਕ ਕਰਦੇ ਰਹੇ ਹਨ। ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਹਾਲੇ ਵੀ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਕੰਮ ਤੋਂ ਕੱਢੇ ਗਏ 763 ਮਜ਼ਦੂਰਾਂ ਨੂੰ ਨਾਲ ਲੈ ਕੇ ਹੋਰ ਵਿਖਾਵਾ ਕਰਨਗੇ।
ਪਾਕਿਸਤਾਨ – ਸਿੰਧ ਵਿਚ ਪਾਣੀ ਸਾਫ ਕਰਨ ਵਾਲੇ ਪਲਾਂਟ ਦੇ ਮਜ਼ਦੂਰ ਆਪਣੇ ਵੇਤਨਾਂ ਦੀ ਮੰਗ ਕਰ ਰਹੇ ਹਨ
ਸਿੰਧ ਸੂਬੇ ਵਿਚ, ਸੁਕੂਰ ਵਿਖੇ ਪਾਣੀ ਸਾਫ ਕਰਨ ਵਾਲੇ ਸਰਕਾਰੀ ਪਲਾਂਟ ਦੇ ਮਜ਼ਦੂਰਾਂ ਨੇ, 29 ਜੂਨ 2020 ਨੂੰ ਜ਼ਿਲ੍ਹੇ ਦੇ ਕੁਲੈਕਟਰ ਦੇ ਦਫਤਰ ਦੇ ਸਾਹਮਣੇ ਆਪਣੀ ਪਿਛਲੇ ਸੱਤਾਂ ਮਹੀਨਿਆਂ ਦੀ ਤਨਖਾਹ ਦਿੱਤੇ ਜਾਣ ਦੀ ਮੰਗ ਲਈ ਮੁਜ਼ਾਹਰਾ ਕੀਤਾ।
ਇਹ ਮਜ਼ਦੂਰ ਕਈਆਂ ਸਾਲਾਂ ਤੋਂ ਲੈ ਕੇ ਇੱਕ ਨਿੱਜੀ ਠੇਕੇਦਾਰ ਲਈ ਕੰਮ ਕਰ ਰਹੇ ਸਨ, ਪਰ ਜਦੋਂ ਅਕਤੂਬਰ 2019 ਵਿੱਚ ਸਰਕਾਰ ਨਾਲ ਠੇਕੇਦਾਰ ਦੇ ਠੇਕੇ ਦੀ ਮਿਆਦ ਪੂਰੀ ਹੋ ਗਈ ਤਾਂ ਪਲਾਂਟ ਨੂੰ ਚੱਲਦਾ ਰੱਖਣ ਲਈ ਮਜ਼ਦੂਰਾਂ ਤੋਂ ਕੰਮ ਕਰਵਾਇਆ ਜਾਂਦਾ ਰਿਹਾ, ਪਰ ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ। ਮੁਜ਼ਾਹਰਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਜਾਂ ਠੇਕੇਦਾਰ ਵਲੋਂ ਉਨ੍ਹਾਂ ਦੀ ਤਨਖਾਹ ਨਾ ਦਿੱਤੀ ਗਈ ਤਾਂ ਉਹ ਪਲਾਂਟ ਨੂੰ ਬੰਦ ਕਰ ਦੇਣਗੇ।
ਸਰਕਾਰੀ ਮਹਿਕਮਿਆਂ ਵਲੋਂ ਤਨਖਾਹਾਂ ਨਾ ਦਿੱਤੀਆਂ ਜਾਣ ਦਾ ਅਮਲ ਪਾਕਿਸਤਾਨ ਵਿੱਚ ਆਮ ਪ੍ਰਚਲਤ ਹੈ। ਖੈਬਰ ਪਖਤੂਨਵਾ ਦੇ ਡੇਰਾ ਇਸਮਾਈਲ ਖਾਨ ਦੀ ਮਿਉਨਸਪੈਲਿਟੀ ਦੇ ਮਜ਼ਦੂਰਾਂ ਨੇ, 30 ਜੂਨ 2020 ਨੂੰ ਹੜਤਾਲ਼ ਕਰ ਦਿੱਤੀ, ਕਿਉਂਕਿ ਉਨ੍ਹਾਂ ਨੂੰ ਦੋ ਮਹੀਨਿਆਂ ਤੋਂ ਲੈ ਕੇ ਤਨਖਾਹ ਅਤੇ ਹੋਰ ਭੱਤਿਆਂ ਦੀ ਅਦਾਇਗੀ ਨਹੀਂ ਕੀਤੀ ਗਈ ਸੀ।
ਬੰਗਲਾਦੇਸ਼ – ਢਾਕਾ ਦੇ ਇੱਕ ਬੜੇ ਹਸਪਤਾਲ ਵਿਚ ਸਿਖਾਂਦਰੂ ਡਾਕਟਰਾਂ ਵਲੋਂ ਹੜਤਾਲ
28 ਜੂਨ 2020 ਨੂੰ, ਢਾਕੇ ਵਿਚ ਬਿਰਡਮ ਜਨਰਲ ਹਸਪਤਾਲ ਦੇ ਸਿਖਾਂਦਰੂ ਡਾਕਟਰਾਂ ਨੇ ਆਪਣਾ ਕੰਮ ਵਿਚੇ ਹੀ ਛੱਡ ਕੇ ਹਸਪਤਾਲ ਦੇ ਬਾਹਰ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਕਈ ਇੱਕ ਮੰਗਾਂ ਉਠਾਈਆਂ ਹਨ, ਜਿਨ੍ਹਾਂ ਵਿਚ ਪੂਰੀ ਤਨਖਾਹ ਦੀ ਬਹਾਲੀ, ਪੀ ਪੀ ਈ ਮੁਹੱਈਆ ਕੀਤੇ ਜਾਣਾ ਅਤੇ ਨੌਕਰੀਆਂ ਪੱਕੀਆਂ ਕੀਤੇ ਜਾਣਾ ਆਦਿ ਸ਼ਾਮਲ ਹੈ। ਹਸਪਤਾਲ ਦੇ ਪ੍ਰਸ਼ਾਸਨ ਨੇ 30 ਜੂਨ ਨੂੰ ਇਹ ਐਲਾਨ ਕਰ ਦਿੱਤਾ ਕਿ ਡਾਕਟਰਾਂ ਦੀ ਨੌਕਰੀ ਕੇਵਲ ਆਰਜ਼ੀ ਹੈ ਅਤੇ ਉਨ੍ਹਾਂ ਨੂੰ ਕੱਢ ਦੇਣ ਦੀ ਧਮਕੀ ਦਿੱਤੀ, ਜਿਸ ਕਰਕੇ ਡਾਕਟਰਾਂ ਨੂੰ ਕੰਮ ਉੱਤੇ ਵਾਪਸ ਜਾਣ ਲਈ ਮਜਬੂਰ ਹੋਣਾ ਪੈ ਗਿਆ।
ਹਸਪਤਾਲ ਵਿੱਚ ਘੱਟ ਤੋਂ ਘੱਟ 90 ਡਾਕਟਰ ਸਿਖਾਂਦਰੂਆਂ ਦੇ ਤੌਰ ‘ਤੇ ਕਰ ਰਹੇ ਹਨ, ਉਨ੍ਹਾਂ ਵਿਚੋਂ ਬਹੁਤ ਸਾਰਿਆਂ ਨੂੰ 3 ਸਾਲਾਂ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਉਹ ਹਾਲੇ ਸਿਖਾਂਦਰੂ ਹੀ ਗਿਣੇ ਜਾ ਰਹੇ ਹਨ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਰੈਜ਼ੀਡੈਂਟ ਮੈਡੀਕਲ ਆਫੀਸਰਾਂ ਦੇ ਤੌਰ ਉਤੇ ਭਰਤੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਕੰਮ ਸ਼ੁਰੂ ਕਰ ਦੇਣ ਤਕ ਨਹੀਂ ਦੱਸਿਆ ਗਿਆ ਕਿ ਉਹ ਆਰਜ਼ੀ ਹਨ। ਡਾਕਟਰਾਂ ਨੇ ਦੱਸਿਆ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਉਨ੍ਹਾਂ ਦੀ ਤਨਖਾਹ ਵਿੱਚ 10,000 ਟਕਾ (ਟਕਾ ਬੰਗਾਲ ਦੀ ਮੁਦਰਾ ਦਾ ਨਾਮ ਹੈ) ਕਟੌਤੀ ਕਰ ਦਿੱਤੀ ਗਈ ਹੈ, ਜੋ ਅਖੌਤੀ ਤੌਰ ਉਤੇ ਕੋਵਿਡ-19 ਦੀ ਵਜ੍ਹਾ ਕਰਕੇ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਈਦ ‘ਤੇ ਤਿਉਹਾਰ ਲਈ ਬੋਨਸ ਵੀ ਨਹੀਂ ਦਿੱਤਾ ਗਿਆ।
ਇੱਕ ਡਾਕਟਰ ਨੇ ਕਿਹਾ ਹੈ ਕਿ 20 ਦੇ ਕਰੀਬ ਡਾਕਟਰ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ, ਕਿਉਂਕਿ ਉਨ੍ਹਾਂ ਨੂੰ ਮਾੜੀ ਕੁਆਲਿਟੀ ਦਾ ਪੀ ਪੀ ਈ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਦੇ ਇਲਾਜ਼ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਨੇ ਕਰੋਨਾ ਨਾਲ ਬਿਮਾਰ ਡਾਕਟਰਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਦੇ ਇਲਾਜ਼ ਅਤੇ ਕੋਵਿਡ-19 ਦੀ ਵਜ੍ਹਾ ਨਾਲ ਮੌਤ ਹੋ ਜਾਣ ਦੀ ਸੂਰਤ ਵਿਚ ਡਾਕਟਰਾਂ ਦੇ ਪ੍ਰਵਾਰ ਨੂੰ ਦਸ ਲੱਖ ਟਕਾ ਮੁਆਵਜ਼ਾ ਦਿੱਤੇ ਜਾਣ ਦੀ ਵੀ ਮੰਗ ਕੀਤੀ ਹੈ।
ਗ਼ਾਜ਼ੀਪੁਰ ਵਿੱਚ ਬਸਤਰ ਮਜ਼ਦੂਰਾਂ ਦਾ ਮੁਜ਼ਾਹਰਾ
27 ਜੂਨ 2020 ਨੂੰ, ਅਲਫ਼ ਕੈਯੂਅਲ ਵੇਅਰ ਫੈਕਟਰੀ ਦੇ ਸੈਂਕੜੇ ਹੀ ਮਜ਼ਦੂਰਾਂ ਨੇ ਢਾਕਾ-ਮੈਮਨਸਿੰਘ ਸ਼ਾਹ-ਮਾਰਗ ਦੀ ਨਾਕਾਬੰਦੀ ਕਰਕੇ ਸਾਰੀ ਆਵਾਜਾਈ ਠੱਪ ਕਰ ਦਿੱਤੀ। ਉਹ ਬੰਗਲਾਦੇਸ਼ ਵਿੱਚ ਮਾਰਚ ਅਤੇ ਅਪਰੈਲ ਵਿਚ ਕਰੋਨਾਵਾਇਰਸ ਲਾਕਡਾਊਨ ਦੁਰਾਨ ਵੇਤਨਾਂ ਦਾ ਭੁਗਤਾਨ ਨਾ ਕੀਤੇ ਜਾਣ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਇਹ ਪ੍ਰਦਰਸ਼ਨ ਫੈਕਟਰੀ ਅਧਿਕਾਰੀਆਂ ਵਲੋਂ ਮਜ਼ਦੂਰਾਂ ਦੀ ਤਨਖਾਹ ਦੇਣ ਦਾ ਵਾਇਦਾ 26 ਜੂਨ ਤਕ ਵੀ ਪੂਰਾ ਨਾ ਕੀਤੇ ਜਾਣ ਦੀ ਵਜ੍ਹਾ ਕਰਕੇ ਕੀਤਾ ਗਿਆ ਸੀ।
ਜ਼ਿਮਬਾਵੇ – ਨਰਸਾਂ ਦੀ ਹੜਤਾਲ
ਜ਼ਿਮਬਾਵੇ ਵਿਚ ਇਸ ਸਾਲ ਨਰਸਾਂ ਨੇ ਦੂਸਰੀ ਬਾਰ ਹੜਤਾਲ਼ ਕੀਤੀ ਹੈ। ਇਸ ਦਾ ਕਾਰਨ ਹੈ ਉਨ੍ਹਾਂ ਦੀ ਘੱਟ ਤਨਖਾਹ ਅਤੇ ਪੀ ਪੀ ਈ ਦੀ ਘਾਟ।
ਉਨ੍ਹਾਂ ਨੂੰ 59 ਅਮਰੀਕੀ ਡਾਲਰ ਤਨਖਾਹ ਦਿੱਤੀ ਜਾ ਰਹੀ ਹੈ, ਜਦ ਕਿ 786 ਫੀਸਦੀ ਮੁਦਰਾਸਫੀਤੀ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨੇ ਚੜ੍ਹ ਚੁੱਕੀਆਂ ਹਨ ਅਤੇ ਇੱਕ ਦਹਾਕੇ ਤੋਂ ਚਲੀ ਆ ਰਹੀ ਮੁਦਰਾਸਫੀਤੀ ਹੋਰ ਵਧਦੀ ਰਹਿਣ ਦਾ ਡਰ ਹੈ। ਸਰਕਾਰ ਨੇ ਹੜਤਾਲ਼ ਨੂੰ ਟਾਲਣ ਲਈ 75 ਡਾਲਰ ਭੱਤਾ ਦੇਣ ਅਤੇ 50 ਫੀਸਦੀ ਤਨਖਾਹ ਵਧਾਉਣ ਦਾ ਵਾਇਦਾ ਕੀਤਾ ਸੀ, ਪਰ ਇਹ ਵੀ ਪੂਰਾ ਨਹੀਂ ਕੀਤਾ। ਨਰਸਾਂ ਦੀਆਂ ਯੂਨੀਅਨਾਂ ਨੇ ਸਰਕਾਰ ਦੀ ਇਸ ਪੇਸ਼ਕਸ਼ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਨਾਕਾਫੀ ਹੈ।
ਨਰਸਾਂ ਵਲੋਂ ਜ਼ਿਲ੍ਹਾ ਮੈਡੀਕਲ ਆਫੀਸਰ ਕੈਲਵਿਨ ਮੁਪੂੰਗਾ ਨੂੰ ਹੜਤਾਲ਼ ਕਰਨ ਦੇ ਆਪਣੇ ਇਰਾਦੇ ਬਾਰੇ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ, ਜ਼ਿਮਬਾਵੇ ਦੀ ਖੁਫੀਆ ਪੁਲੀਸ ਨੇ ਮਾਂਊਂਟ ਡਾਰਵਿਨ ਦੇ ਸੇਂਟ ਅਲਬਰਟਸ ਮਿਸ਼ਨ ਹਸਪਤਾਲ ਦੀਆਂ ਨਰਸਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ। ਵਿਕਟੋਰੀਆ ਚਿਟੇਪੋ ਹਸਪਤਾਲ ਦੀਆਂ ਘੱਟ ਤੋਂ ਘੱਟ 15 ਨਰਸਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਸਰਕਾਰ ਨੇ ਕਰੋਨਾ ਨਾਲ ਬੀਮਾਰ ਹੋਈਆਂ ਨਰਸਾਂ ਨੂੰ ਕੁਆਰਨਟਾਈਨ ਸੈਂਟਰਾਂ ਵਿਚ ਭੇਜ ਦਿੱਤਾ ਹੈ। ਇਨ੍ਹਾਂ ਸੈਂਟਰਾਂ ਦੀ ਹਾਲਤ ਬਹੁਤ ਹੀ ਖਸਤਾ ਹੈ ਅਤੇ ਉਨ੍ਹਾਂ ਕੋਲ ਫੰਡਾਂ ਦੀ ਵੀ ਬਹੁਤ ਘਾਟ ਹੈ। 197 ਸਵਾਸਥ ਸੇਵਾ ਮਜ਼ਦੂਰਾਂ ਨੂੰ ਛੂਤ ਲੱਗ ਚੁੱਕੀ ਹੈ ਅਤੇ ਉਨ੍ਹਾਂ ਨੂੰ ਕੁਅਰਨਟਾਈਨ ਵਿੱਚ ਪਾ ਦਿੱਤਾ ਗਿਆ ਹੈ। ਬਹੁਤੇ ਕੁਆਰਟਾਈਨ ਕੇਂਦਰਾਂ ਵਿਚ ਖਾਣਾ ਵੀ ਨਹੀਂ ਦਿੱਤਾ ਜਾਂਦਾ ਅਤੇ ਨਹਾਉਣ ਧੋਣ ਵਾਸਤੇ ਵੀ ਉਥੇ ਕੋਈ ਪ੍ਰਬੰਧ ਨਹੀਂ ਹੈ। ਜਦੋਂ ਇਸ ਘੋਰ ਨਿਰਦੈਤਾ ਬਾਰੇ ਸੱਚ ਬਾਹਰ ਆਉਣ ਲੱਗ ਪਿਆ ਤਾਂ ਸਰਕਾਰ ਨੇ ਹੋਟਲ ਜਾਂ ਹੋਰ ਰੈਣ ਬਸੇਰਿਆਂ ਨੂੰ ਕੁਆਰਨਟੀਨ ਲਈ ਵਰਤਣ ਦੀ ਇਜਾਜ਼ਤ ਦਿੱਤੀ। ਲੇਕਿਨ, ਨਰਸਾਂ ਨੂੰ ਇਨ੍ਹਾਂ ਬੇਹਤਰ ਥਾਵਾਂ ਉਤੇ ਰਹਿਣ ਲਈ ਖਰਚਾ ਖੁਦ ਦੇਣਾ ਪੈ ਰਿਹਾ ਹੈ। ਇਹ ਭੈੜੇ ਹਾਲਾਤ ਹੜਤਾਲ਼ ਤੋਂ ਬਾਅਦ ਹੋਰ ਵੀ ਬਦਤਰ ਹੋ ਗਏ ਹਨ, ਕਿਉਂਕਿ ਜੋ ਇੱਕਾ-ਦੁੱਕਾ ਸਟਾਫ ਬੀਮਾਰਾਂ ਦੀ ਦੇਖਭਾਲ ਲਈ ਪਿੱਛੇ ਰਹਿ ਗਿਆ ਸੀ, ਹੁਣ ਉਹ ਖੁਦ ਕੋਵਿਡ-19 ਦੇ ਮਰੀਜ਼ ਬਣ ਗਏ ਹਨ। ਯੂਨਾਈਟਿਡ ਬੁਲਾਵੇਓ ਹਸਪਤਾਲਾਂ ਵਿਚ ਕੇਵਲ ਇੱਕ ਦਿਨ ਵਿਚ 68 ਨਰਸਾਂ ਕੋਵਿਡ ਦੇ ਟੈਸਟ ਵਿਚ ਪਾਜ਼ੇਟਿਵ ਪਾਈਆਂ ਗਈਆਂ ਹਨ। ਸਰਕਾਰ ਨੇ ਹੋਰ ਨਰਸਾਂ ਰੱਖ ਕੇ ਨਰਸਾਂ ਅਤੇ ਡਾਕਟਰਾਂ ਦੀ ਹੜਤਾਲ਼ ਨੂੰ ਫੇਲ੍ਹ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਨਵੀਂਆਂ ਨਰਸਾਂ ਵਿਚੋਂ ਬਹੁਤੀਆਂ ਨੇ ਥੋੜ੍ਹੀ ਤਨਖਾਹ ਦੇ ਕਾਰਨ ਅਤੇ ਕਰੋਨਾਵਾਇਰਸ ਲੱਗਣ ਦੇ ਡਰੋਂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
ਸਾਊਥ ਅਫਰੀਕਾ – ਸਵਾਸਥ ਸੇਵਾ ਮਜ਼ਦੂਰ ਵਲੋਂ ਵਿਖਾਵੇ
ਈਸਟਰਨ ਕੇਪ, ਈਸਟ ਲੰਡਨ ਵਿਚ ਸਿਸੀਲੀਆ ਮਾਕੀਵਾਨੇ ਹਸਪਤਾਲ ਦੇ ਸਵਾਸਥ ਸੇਵਾ ਮਜ਼ਦੂਰਾਂ ਨੇ, 23 ਅਤੇ 24 ਜੂਨ 2020 ਨੂੰ ਕੋਵਿਡ-19 ਮਹਾਂਮਾਰੀ ਮੁਤੱਕਲ ਹਸਪਤਾਲ ਪ੍ਰਸ਼ਾਸਨ ਦੇ ਰਵੱਈਏ ਦੇ ਖ਼ਿਲਾਫ਼ ਮੁਜ਼ਾਹਰੇ ਕੀਤੇ ਅਤੇ ਹਸਪਤਾਲ ਨੂੰ ਬੰਦ ਕਰ ਦੇਣ ਦੀ ਚਿਤਾਵਨੀ ਦਿੱਤੀ ਹੈ।
ਵਾਇਰਸ ਲੱਗਣ ਦੀ ਵਜ੍ਹਾ ਨਾਲ ਹਸਪਤਾਲ ਦੇ 3 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਅਤੇ 72 ਮਜ਼ਦੂਰ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਮੁੱਚੇ ਈਸਟਰਨ ਕੇਪ ਦੇ ਹੋਰ ਹਸਪਤਾਲਾਂ ਦੇ ਹਾਲਾਤ ਵੀ ਇਸੇ ਤਰ੍ਹਾਂ ਦੇ ਹਨ ਅਤੇ ਨਰਸਾਂ, ਪੋਰਟਰਾਂ ਅਤੇ ਸਫਾਈ ਮਜ਼ਦੂਰਾਂ ਨੇ ਖਤਰਨਾਕ ਹੋ ਰਹੇ ਹਾਲਾਤਾਂ ਵਿਚ ਲੋੜੀਂਦੇ ਬਚਾਓ ਦਾ ਸਮਾਨ ਮੁਹੱਈਆ ਕੀਤੇ ਜਾਣ ਤੋਂ ਬਗੈਰ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੈਨੇਜਮੈਂਟ ਵਲੋਂ ਹਸਪਤਾਲ ਨੂੰ ਰੋਗਾਣੂ-ਰਹਿਤ ਕਰਨ ਲਈ ਰਜ਼ਾਮੰਦ ਹੋਣ ਤੋਂ ਬਾਅਦ ਸਿਸੀਲੀਆ ਮਾਕੀਵਾਨੇ ਹਸਪਤਾਲ ਦੇ ਮਜ਼ਦੂਰ ਵਾਪਸ ਕੰਮ ਉੱਤੇ ਆ ਗਏ ਹਨ।
ਵੇਤਨ ਵਿਚ ਊਚ ਨੀਚ ਅਤੇ ਕੰਮ ਦੀਆਂ ਹਾਲਤਾਂ ਦੇ ਖਿਲਾਫ ਮੁਜ਼ਾਹਰ ਕਰ ਰਹੇ ਮਜ਼ਦੂਰਾਂ ਉਪਰ ਪੁਲੀਸ ਵਲੋਂ ਗੋਲੀ ਚਲਾਈ ਗਈ
ਸਾਊਥ ਅਫਰੀਕਾ ਦੇ ਸ਼ਹਿਰ, ਪੋਰਟ ਐਲੀਜ਼ਾਬੈਥ, ਵਿਚ ਮਿਊਂਸਪੈਲਿਟੀ ਦੇ ਆਊਟਸੋਰਸ ਕਾਮਿਆਂ ਨੇ 29 ਜੂਨ ਨੂੰ ਆਪਣੀਆਂ ਨੌਕਰੀਆਂ ਪੱਕੀਆਂ ਕੀਤੇ ਜਾਣ ਦੀ ਮੰਗ ਲਈ ਕੌਂਸਲ ਦੀ ਮੀਟਿੰਗ ਦੇ ਬਾਹਰ ਮੁਜ਼ਾਹਰਾ ਕੀਤਾ। ਇਨ੍ਹਾਂ ਮਜ਼ਦੂਰਾਂ, ਜਿਨ੍ਹਾਂ ਵਿਚ ਸੁਰਖਿਆ ਗਾਰਡਜ਼, ਮੀਟਰ ਪੜਨ ਵਾਲੇ ਅਤੇ ਮੌਸਮੀ ਮਜ਼ਦੂਰ ਸ਼ਾਮਲ ਹਨ, ਨੂੰ ਕੌਂਸਲ ਦੀ ਸਿੱਧੀ ਨੌਕਰੀ ਕਰਨ ਵਾਲੇ ਮਜ਼ਦੂਰਾਂ ਨਾਲੋਂ ਘੱਟ ਵੇਤਨ ਦਿਤਾ ਜਾ ਰਿਹਾ ਹੈ। ਮਜ਼ਦੂਰਾਂ ਵਲੋਂ ਖਿੰਡ-ਪੁੰਡ ਹੋ ਜਾਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਉਤੇ ਸਟੱਨ ਗਰਨੇਡ ਚਲਾ ਦਿਤਾ ਅਤੇ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ।
ਸੈਲ ਸੀ ਮੋਬਾਈਲ ਫੋਨ ਕੰਪਨੀ ਦੇ ਮਜ਼ਦੂਰਾਂ ਦੀ ਆਪਣੀਆਂ ਨੌਕਰੀਆਂ ਦੀ ਹਿਫਾਜ਼ਤ ਲਈ ਹੜਤਾਲ਼ ਕਰਨ ਦੀ ਯੋਜਨਾ
ਸਾਊਥ ਅਫਰੀਕਾ ਵਿਚ ਜੋਹਾਨਸਬਰਗ ਸ਼ਹਿਰ ਵਿੱਚ ਇੱਕ ਮੋਬਾਈਲ ਫੋਨ ਕੰਪਨੀ ਦੇ ਮਜ਼ਦੂਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੰਪਨੀ ਨੇ ਉਨ੍ਹਾਂ ਮਜ਼ਦੂਰਾਂ, ਜਿਨ੍ਹਾਂ ਨੂੰ ਉਹ ਮੌਜੂਦਾ ਹਾਲਤਾਂ ਵਿੱਚ “ਫਾਲਤੂ” ਸਮਝਦੀ ਹੈ, ਨੂੰ ਕੰਮ ਤੋਂ ਕੱਢ ਦੇਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਉਹ ਹੜਤਾਲ ਕਰ ਦੇਣਗੇ। ਇਨਫਰਮੇਸ਼ਨ ਕਮਿਉਨੀਕੇਸ਼ਨ ਟੈਕਨਾਲੋਜੀ ਯੂਨੀਅਨ ਦੇ ਮੈਂਬਰ ਸਾਊਥ ਅਫਰੀਕਾ ਵਿਚ ਤੀਸਰੀ ਵੱਡੀ ਮੋਬਾਈਲ ਕੰਪਨੀ, ਸੈੱਲ ਸੀ ਵਲੋਂ ਨੌਕਰੀਆਂ ਵਿੱਚ 40 ਫੀਸਦੀ ਕਟੌਤੀ ਕਰਨ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।
ਨੈਦਰਲੈਂਡ (ਹਾਲੈਂਡ) – ਟਾਟਾ ਸਟੀਲ ਦੇ ਮਜ਼ਦੂਰਾਂ ਦੀਆਂ ਹੜਤਾਲਾਂ
ਹਾਲੈਂਡ ਦੇ ਇਜਮੂਇਡਨ ਸ਼ਹਿਰ ਵਿਚ ਟਾਟਾ ਸਟੀਲ ਪਲਾਂਟ ਦੇ ਮਜ਼ਦੂਰਾਂ ਨੇ 28 ਜੂਨ ਨੂੰ ਅੱਠ ਘੰਟੇ ਦੀ ਹੜਤਾਲ਼ ਕੀਤੀ। ਇਸ ਤੋਂ ਪਹਿਲਾਂ ਉਹ 26 ਜੂਨ ਨੂੰ ਪੂਰੇ ਦਿਨ ਦੀ ਹੜਤਾਲ਼ ਕਰ ਚੁੱਕੇ ਹਨ। ਐਫ. ਐਨ. ਵੀ. ਯੂਨੀਅਨ ਦੇ ਮੈਂਬਰ ਕੰਪਨੀ ਵਲੋਂ 1000 ਨੌਕਰੀਆਂ ਕੱਟ ਦੇਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।
ਟਾਟਾ ਦੀ ਯੋਜਨਾ ਦੇ ਖ਼ਿਲਾਫ਼ ਮਜ਼ਦੂਰਾਂ ਨੇ 10 ਜੂਨ ਤੋਂ ਲੈ ਕੇ ਕਈ ਹੜਤਾਲ਼ਾਂ ਕੀਤੀਆਂ ਹਨ। ਆਖਰੀ ਹੜਤਾਲ਼ ਮੈਨੇਜਮੈਂਟ ਅਤੇ ਮਜ਼ਦੂਰਾਂ ਵਿਚਕਾਰ ਗੱਲਬਾਤ ਟੁੱਟ ਜਾਣ ਤੋਂ ਬਾਅਦ ਕੀਤੀ ਗਈ ਹੈ। ਯੂਨੀਅਨ ਨੇ ਨੌਕਰੀਆਂ ਵਿਚ ਕਟੌਤੀ ਨੂੰ 2026 ਅਕਤੂਬਰ ਤਕ ਸਥਗਿਤ ਕਰ ਦੇਣ ਦਾ ਸੁਝਾਅ ਰੱਖਿਆ ਸੀ। ਟਾਟਾ ਨੇ ਕਿਹਾ ਕਿ ਯੂਨੀਅਨ ਦੇ ਸੁਝਾਵਾਂ ਬਾਰੇ ਸੋਚਣ ਲਈ ਹੋਰ ਵਕਤ ਚਾਹੀਦਾ ਹੈ। 28 ਜੂਨ 2020 ਦੀ ਹੜਤਾਲ਼ ਹਾਲੈਂਡ ਤੋਂ ਪੋਰਟ ਟਾਲਬੌਟ, ਸਾਊਥ ਵੇਲਜ਼ (ਯੂ ਕੇ) ਨੂੰ ਜਾਣ ਵਾਲੇ ਮਾਲ ਵਿਚ ਦੇਰੀ ਹੋਣ ਦਾ ਕਾਰਨ ਬਣੀ। ਪੋਰਟ ਟਾਲਬੌਟ ਦੇ ਟਾਟਾ ਸਟੀਲ ਪਲਾਂਟ ਵਿੱਚ ਵੀ 500 ਨੌਕਰੀਆਂ ਨੂੰ ਖਤਰਾ ਬਣਿਆ ਹੋਇਆ ਹੈ।
ਨਵੰਬਰ 2019 ਵਿੱਚ, ਕੰਪਨੀ ਨੇ ਯੂਰਪ ਵਿੱਚ 3000 ਨੌਕਰੀਆਂ ਕੱਟ ਦੇਣ ਦਾ ਐਲਾਨ ਕੀਤਾ ਸੀ। ਅੰਤਰਰਾਸ਼ਟਰੀ ਤੌਰ ਉਤੇ ਹੋਰਨਾਂ ਕੰਪਨੀਆਂ ਵਾਂਗ ਟਾਟਾ ਵੀ ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਈ ਸਥਿਤੀ ਨੂੰ ਕੰਪਨੀ ਦੇ ਕੰਮ ਨੂੰ ਨਵਾਂ ਰੂਪ ਦੇਣ ਲਈ ਅਤੇ ਸੰਕਟ ਦਾ ਭਾਰ ਮਜ਼ਦੂਰਾਂ ਦੇ ਮੋਢਿਆਂ ਉਤੇ ਸੁੱਟਣ ਲਈ ਵਰਤ ਰਹੀ ਹੈ।
ਆਇਰਲੈਂਡ – ਸਿਟੀ ਜੈੱਟ ਏਅਰਲਾਈਨ ਦੇ ਮਜ਼ਦੂਰਾਂ ਵਲੋਂ ਮੁਜ਼ਾਹਰਾ
23 ਜੂਨ ਨੂੰ ਸਿਟੀ ਜੈੱਟ ਏਅਰਲਾਈਨ ਦੇ ਵਿਮਾਨ-ਚਾਲਕਾਂ ਨੇ ਕੰਪਨੀ ਦੇ ਡਬਲਿਨ ਵਿਖੇ ਮੁੱਖ ਦਫਤਰ ਦੇ ਅੱਗੇ ਮੁਜ਼ਾਹਰਾ ਕੀਤਾ। ਆਇਰਿਸ਼ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਹ ਮੁਜ਼ਾਹਰਾ ਕੰਪਨੀ ਦੀ ਆਪਣੇ ਡਬਲਿਨ ਅਧਾਰ ਨੂੰ ਬੰਦ ਕਰਨ ਦੀ ਯੋਜਨਾ ਦੇ ਵਿਰੋਧ ਵਿੱਚ ਕੀਤਾ ਸੀ, ਜਿਸ ਨਾਲ 57 ਵਿਮਾਨ ਚਾਲਕਾਂ ਦੀਆਂ ਨੌਕਰੀਆਂ ਚਲੇ ਜਾਣਗੀਆਂ।