ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 4 ਜੁਲਾਈ 2020
ਇਸ ਵਕਤ ਸਾਡੇ ਦੇਸ਼ ਅੰਦਰ ਮਜ਼ਦੂਰ ਜਮਾਤ ਦੀ ਹਾਲਤ ਅਸਹਿ ਬਣ ਚੁੱਕੀ ਹੈ। ਬੇਰੁਜ਼ਗਾਰੀ, ਲੁੱਟ-ਖਸੁੱਟ ਅਤੇ ਗਰੀਬੀ ਏਨੀ ਉਚਾਈ ਉੱਤੇ ਪਹੁੰਚ ਗਈ ਹੈ, ਜਿੰਨੀ ਪਹਿਲਾਂ ਕਦੇ ਵੀ ਨਹੀਂ ਸੀ।
ਹਰ ਇੱਕ ਖੇਤਰ ਵਿਚ, ਲੱਖਾਂ ਦੀ ਗਿਣਤੀ ਵਿੱਚ ਠੇਕਾ-ਮਜ਼ਦੂਰ, ਦਿਹਾੜੀਦਾਰ ਅਤੇ ਨਿਯਮਿਤ ਮਜ਼ਦੂਰਾਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ, ਅਤੇ ਨੌਕਰੀ ਦੇ ਅੰਤ ਵਿਚ ਦਿੱਤੀ ਜਾਣ ਵਾਲੀ ਵਿਦਾਇਗੀ ਤਨਖਾਹ (ਸੈਵਰੈਂਸ ਪੇ) ਵੀ ਮਾਰ ਲਈ ਜਾਂਦੀ ਹੈ। ਜਿਹੜੇ ਲੋਕ ਅਜੇ ਕੰਮ ਕਰ ਵੀ ਰਹੇ ਹਨ, ਉਨ੍ਹਾਂ ਨੂੰ ਕਈਆਂ ਮਹੀਨਿਆਂ ਤੋਂ ਵੇਤਨ ਨਹੀਂ ਦਿੱਤੇ ਗਏ ਹਨ।
ਕ੍ਰੋੜਾਂ ਹੀ ਮਜ਼ਦੂਰਾਂ ਨੂੰ ਲਾਕਡਾਊਨ ਦੀ ਵਜ੍ਹਾ ਨਾਲ ਆਪਣੇ ਪਿੰਡਾਂ ਜਾਂ ਨਗਰਾਂ ਨੂੰ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ ਹੈ। ਸ਼ਹਿਰਾਂ ਨੂੰ ਵਾਪਸ ਆਉਣ ਵਾਲਿਆਂ ਤੋਂ ਕਰੋਨਾਵਾਇਰਸ ਤੋਂ ਬਚਾਓ ਵਾਸਤੇ ਕੋਈ ਵੀ ਸਮਾਨ ਦੇਣ ਤੋਂ ਬਗੈਰ ਹੀ, ਖਤਰਨਾਕ ਹਾਲਤਾਂ ਵਿਚ ਕੰਮ ਕਰਵਾਇਆ ਜਾ ਰਿਹਾ ਹੈ।
ਐਮਪਲਾਈਜ਼ ਪ੍ਰਾਵੀਡੈਂਟ ਫੰਡ (ਈ ਪੀ ਐਫ) ਵਿੱਚ ਮਾਲਕਾਂ ਵਲੋਂ ਪਾਏ ਜਾਣ ਵਾਲੇ ਹਿੱਸੇ ਵਿਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਇਸ ਰੀਟਾਇਰਮੈਂਟ ਫੰਡ ਉੱਤੇ ਮਿਲਣ ਵਾਲੇ ਵਿਆਜ ਦੀ ਦਰ ਵੀ ਘਟਾ ਦਿੱਤੀ ਗਈ ਹੈ। ਮਜ਼ਦੂਰਾਂ ਦੀ ਬੱਚਤ ਦਾ ਪੈਸਾ ਸਰਮਾਏਦਾਰ ਸੱਟੇਬਾਜ਼ਾਂ ਨੂੰ ਸੌਂਪਿਆ ਜਾ ਰਿਹਾ ਹੈ। ਸਰਬਜਨਕ ਖੇਤਰ ਦੀਆਂ ਕੰਪਨੀਆਂ ਵਿੱਚ ਘਾਟੇ ਪੁਆਏ ਜਾ ਰਹੇ ਹਨ ਅਤੇ ਮੋਟੇ-ਮੋਟੇ ਕਰਜ਼ਿਆਂ ਥੱਲੇ ਦੱਬਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਨੂੰ ਨਿੱਜੀ ਸਰਮਾਏਦਾਰਾ ਕੰਪਨੀਆਂ ਕੋਲ ਸੌਂਪਣ ਦੇ ਹਾਲਾਤ ਬਣਾਏ ਜਾ ਸਕਣ।
ਆਰਿਥਕਤਾ ਨੂੰ ਦੁਬਾਰਾ ਪੈਰੀਂ ਖੜ੍ਹਾ ਕਰਨ ਦੇ ਪੈਕੇਜ ਦਾ ਐਲਾਨ ਕਰਦਿਆਂ, ਪ੍ਰਧਾਨ ਮੰਤਰੀ ਨੇ ਮੌਜੂਦਾ ਸੰਕਟ ਨੂੰ ਇੱਕ ਆਹਲਾ ਮੌਕੇ ਵਿਚ ਬਦਲ ਦੇਣ ਦਾ ਸੱਦਾ ਦਿੱਤਾ। ਇਹ ਸਰਮਾਏਦਾਰ ਜਮਾਤ ਨੂੰ ਦਿੱਤਾ ਗਿਆ ਸੱਦਾ ਹੈ ਕਿ ‘ਇਸ ਮੌਕੇ ਨੂੰ ਮਜ਼ਦੂਰਾਂ ਦੀ ਵੱਧ ਤੋਂ ਵੱਧ ਦਰਜੇ ਤਕ ਸੰਭਵ ਲੁੱਟ ਤੇਜ਼ ਕਰਨ ਲਈ ਵਰਤੋ’। ਇਹ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਿਆਂ ਕਰ ਦੇਣ ਲਈ, ਉਨ੍ਹਾਂ ਦੇ ਕੰਮ ਦੇ ਘੰਟੇ ਵਧਾਉਣ ਲਈ ਅਤੇ ਉਨ੍ਹਾਂ ਦੇ ਵੇਤਨ ਅਤੇ ਭੱਤੇ ਘਟਾ ਦੇਣ ਵਾਸਤੇ ਦਿੱਤਾ ਗਿਆ ਸੱਦਾ ਹੈ। ਇਹ ਕੇਂਦਰੀ ਮੰਤਰਾਲਿਆਂ ਨੂੰ ਦਿੱਤਾ ਗਿਆ ਸੱਦਾ ਹੈ ਕਿ ਬਾਹਰੋਂ ਕੰਮ ਕਰਵਾਉਣ (ਆਊਟਸੋਰਸਿੰਗ) ਅਤੇ ਨਿੱਜੀਕਰਣ ਦੀ ਪ੍ਰੀਕ੍ਰਿਆ ਨੂੰ ਤੇਜ਼ ਕਰ ਦਿਓ। ਇਹ ਤਮਾਮ ਰਾਜਾਂ ਦੀਆਂ ਸਰਕਾਰਾਂ ਨੂੰ ਦਿੱਤਾ ਗਿਆ ਸੱਦਾ ਹੈ ਕਿ ਮਜ਼ਦੂਰਾਂ ਦੇ ਘੱਟ ਤੋਂ ਘੱਟ ਮੁਕੱਰਰ ਵੇਤਨ ਘਟਾਉਣ, ਕੰਮ ਦਿਹਾੜੀ ਦੀ ਅੱਠ ਘੰਟੇ ਸੀਮਾ ਨੂੰ ਹਟਾਉਣ ਅਤੇ ਉਨ੍ਹਾਂ ਦੇ ਸਖਤ ਸੰਘਰਸ਼ਾਂ ਰਾਹੀਂ ਜਿੱਤੇ ਹੋਰ ਅਧਿਕਾਰਾਂ ਤੋਂ ਉਨ੍ਹਾਂ ਨੂੰ ਵੰਚਿਤ ਕਰਨ ਲਈ ਲੇਬਰ ਕਾਨੂੰਨਾਂ ਵਿਚ ਤਬਦੀਲੀਆਂ ਕਰੋ।
ਅਸੀਂ ਮਜ਼ਦੂਰ ਅਤੇ ਸਾਡੇ ਕਿਸਾਨ ਭਰਾ ਤੇ ਭੈਣਾਂ ਹਿੰਦੋਸਤਾਨ ਦੀ ਦੌਲਤ ਦੇ ਨਿਰਮਾਤਾ ਹਾਂ। ਫਿਰ ਭੀ, ਸਾਡੇ ਨਾਲ ਜਾਨਵਰਾਂ ਤੋਂ ਭੈੜਾ ਸਲੂਕ ਕੀਤਾ ਜਾ ਰਿਹਾ ਹੈ। ਸਰਮਾਏਦਾਰਾਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀਆਂ ਨਜ਼ਰਾਂ ਵਿਚ ਅਸੀਂ ਭਾਰ ਢੋਣ ਵਾਲੇ ਗੱਧਿਆਂ ਤੋਂ ਸਿਵਾ ਹੋਰ ਕੱੁਝ ਵੀ ਨਹੀਂ ਹਾਂ। ਸਾਨੂੰ ਦਿੱਤੇ ਜਾਣ ਵਾਲੇ ਵੇਤਨਾਂ ਨੂੰ ਇੱਕ “ਲਾਗਤ” ਸਮਝਿਆ ਜਾਂਦਾ ਹੈ, ਜਿਸਨੂੰ ਬਹੁਤ ਹੀ ਘੱਟ ਰੱਖਿਆ ਜਾਣਾ ਚਾਹੀਦਾ ਹੈ।
ਲਾਕਡਾਊਨ ਦੇ ਬਾਵਯੂਦ, ਮਜ਼ਦੂਰ ਸੜਕਾਂ ਉੱਤੇ ਆ ਕੇ ਰੋਸ ਵਿਖਾਵੇ ਕਰ ਰਹੇ ਹਨ। ਉਹ ਆਪਣੀ ਦੁਰਦਸ਼ਾ ਦੇ ਖ਼ਿਲਾਫ਼ ਮੁਜ਼ਾਹਰੇ ਕਰ ਰਹੇ ਹਨ ਅਤੇ ਆਪਣੇ ਹੱਕ ਮੰਗ ਰਹੇ ਹਨ। ਡਾਕਟਰ, ਨਰਸਾਂ ਅਤੇ ਸਵਾਸਥ ਸੇਵਾ ਵਿਚ ਕੰਮ ਕਰਨ ਵਾਲੇ ਹੋਰ ਮਜ਼ਦੂਰ, ਜਿਹੜੇ ਕਰੋਨਾ ਵਾਇਰਸ ਦੇ ਖ਼ਿਲਾਫ਼ ਲੜਾਈ ਵਿਚ ਮੂਹਰਲੀਆਂ ਸਫਾਂ ਵਿਚ ਹਨ, ਉਹ ਨਾਕਾਫੀ ਬਚਾਓ ਸਮਾਨ ਬਾਰੇ ਰੋਸ ਪ੍ਰਗਟ ਕਰ ਰਹੇ ਹਨ। ਬੈਂਕਾਂ, ਟੈਲੀਕਾਮ, ਰੇਲਵੇ, ਕੋਲੇ ਦੀਆਂ ਖਾਨਾਂ ਅਤੇ ਹੋਰ ਖੇਤਰਾਂ ਦੇ ਮਜ਼ਦੂਰ ਨਿੱਜੀਕਰਣ ਦੇ ਖ਼ਿਲਾਫ਼ ਅਤੇ ਸਰਬਜਨਕ ਅਸਾਸਿਆਂ ਨੂੰ ਤਬਾਹ ਕੀਤੇ ਜਾਣ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।
ਕੱਲ੍ਹ ਕ੍ਰੋੜਾਂ ਹੀ ਮਜ਼ਦੂਰਾਂ ਨੇ, ਦਸ ਤੋਂ ਵੱਧ ਕੇਂਦਰੀ ਟਰੇਡ ਯੂਨੀਅਨ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਉਤੇ ਦੇਸ਼-ਵਿਆਪੀ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ। ਉਨ੍ਹਾਂ ਨੇ ਠੇਕਾ-ਮਜ਼ਦੂਰੀ ਪ੍ਰਥਾ ਦੇ ਖਾਤਮੇ ਲਈ, ਬਰਾਬਰ ਕੰਮ ਲਈ ਬਰਾਬਰ ਤਨਖਾਹ ਦਿੱਤੇ ਜਾਣ, ਘੱਟ ਤੋਂ ਘੱਟ ਤਨਖਾਹ 18,000 ਰੁਪਏ ਪ੍ਰਤੀਮਾਹ ਮੁਕੱਰਰ ਕੀਤੇ ਜਾਣ, ਸਵਾਸਥ ਸੇਵਾ ਦੇ ਵਲੰਟੀਅਰਾਂ ਨੂੰ ਮਜ਼ਦੂਰਾਂ ਬਤੌਰ ਮਾਨਤਾ ਦਿੱਤੇ ਜਾਣ, ਲੇਬਰ ਕਾਨੂੰਨਾਂ ਵਿਚ ਮਜ਼ਦੂਰ-ਵਿਰੋਧੀ ਤਬਦੀਲੀਆਂ ਬੰਦ ਕੀਤੇ ਜਾਣ ਅਤੇ ਪਹਿਲਾਂ ਕੀਤੀਆਂ ਮਜ਼ਦੂਰ-ਵਿਰੋਧੀ ਤਬਦੀਲੀਆਂ ਨੂੰ ਵਾਪਸ ਲਏ ਜਾਣ, ਤਮਾਮ ਕੰਮ ਕਰਨ ਵਾਲੇ ਲੋਕਾਂ ਲਈ ਸਰਬਵਿਆਪਕ ਪੈਨਸ਼ਨ ਲਾਈ ਜਾਣ, ਦਰਖਾਸਤ ਦਰਜ ਕਰਨ ਤੋਂ ਬਾਅਦ 45 ਦਿਨਾਂ ਅੰਦਰ ਟਰੇਡ ਯੂਨੀਅਨਾਂ ਨੂੰ ਮਾਨਤਾ ਦਿੱਤੇ ਜਾਣ, ਨਿੱਜੀਕਰਣ ਦੇ ਪ੍ਰੋਗਰਾਮ ਨੂੰ ਤੁਰੰਤ ਬੰਦ ਕੀਤੇ ਜਾਣ ਅਤੇ ਸਰਬਵਿਆਪਕ ਸਰਬਜਨਕ ਵਿਤਰਣ ਪ੍ਰਣਾਲੀ ਸਥਾਪਤ ਕੀਤੇ ਜਾਣ ਦੀਆਂ ਮੰਗਾਂ ਉਠਾਈਆਂ।
ਸਮਾਂ ਮੰਗ ਕਰ ਰਿਹਾ ਹੈ ਕਿ ਸਭਨਾਂ ਖੇਤਰਾਂ ਦੇ ਮਜ਼ਦੂਰ, ਮਜ਼ਦੂਰਾਂ ਬਤੌਰ ਅਤੇ ਇਨਸਾਨਾਂ ਬਤੌਰ ਆਪਣੀ ਤਾਕਤ ਦਾ ਪ੍ਰਗਟਾਵਾ ਕਰਨ ਅਤੇ ਆਪਣੇ ਹੱਕ ਜਤਾਉਣ। ਸਾਡੀ ਤਾਕਤ ਸਾਡੀ ਏਕਤਾ ਵਿੱਚ ਹੈ, ਸਾਡੀ ਜਥੇਬੰਦੀ ਵਿੱਚ ਹੈ ਅਤੇ ਸਾਡੀ ਚੇਤਨਤਾ ਵਿੱਚ ਹੈ। ਆਪਣੀ ਤਾਕਤ ਨੂੰ ਮਜ਼ਬੂਤ ਕਰਨ ਲਈ ਸਾਨੂੰ ਆਪਣੀ ਜਥੇਬੰਦੀ ਅਤੇ ਆਪਣੀ ਚੇਤਨਤਾ ਦੇ ਪੱਧਰ ਨੂੰ ਉੱਚਾ ਕਰਨਾ ਪਵੇਗਾ। ਜੋ ਚੀਜ਼ਾਂ ਸਾਨੂੰ ਪਾੜਦੀਆਂ ਹਨ ਅਤੇ ਸਾਨੂੰ ਆਪਣੇ ਅਸਲੀ ਦੁਸ਼ਮਣ ਨੂੰ ਪਛਾਨਣ ਤੋਂ ਗੁਮਰਾਹ ਕਰਦੀਆਂ ਹਨ, ਸਾਨੂੰ ਉਨ੍ਹਾਂ ਨੂੰ ਹਰਾਉਣਾ ਪਵੇਗਾ, ਉਨ੍ਹਾਂ ਉੱਤੇ ਕਾਬੂ ਪਾਉਣਾ ਪਵੇਗਾ।
ਸਾਡੇ ਵਿਚਾਲੇ ਵੰਡ ਦਾ ਇੱਕ ਵੱਡਾ ਕਾਰਨ ਉਹ ਪਾਰਟੀਆਂ ਹਨ, ਜਿਹੜੀਆਂ ਮੌਜਦੂਾ ਰਾਜ ਦੇ ਅੰਦਰ ਆਪਣੀ ਸਾਖ ਮਜ਼ਬੂਤ ਕਰਨ ਲਈ ਅਤੇ ਆਪਣੀਆਂ ਵੋਟਾਂ ਵਧਾਉਣ ਲਈ ਇੱਕ ਦੂਸਰੀ ਨਾਲ ਸ਼ਰੀਕੇਬਾਜ਼ੀ ਕਰਦੀਆਂ ਹਨ। ਸੱਤਾ ‘ਤੇ ਬਿਰਾਜਮਾਨ ਪਾਰਟੀ ਨਾਲ ਜੁੜੀ ਹੋਈ ਟਰੇਡ ਯੂਨੀਅਨ ਫੈਡਰੇਸ਼ਨ ਦੂਸਰੀਆਂ ਯੂਨੀਅਨਾਂ ਦੇ ਸਾਂਝੇ ਐਕਸ਼ਨਾਂ ਵਿੱਚ ਨਾਲ ਨਹੀਂ ਆਂਉਂਦੀ। ਇਸ ਨਾਲ ਸਾਡਾ ਸਾਂਝਾ ਸੰਘਰਸ਼ ਕਮਜ਼ੋਰ ਹੁੰਦਾ ਹੈ।
ਸਾਰੇ ਮਜ਼ਦੂਰਾਂ ਦੀ ਜਮਾਤ ਇੱਕ ਹੈ ਅਤੇ ਇੱਕ ਹੀ ਸਾਂਝਾ ਹਿੱਤ ਹੈ। ਸਾਨੂੰ ਇਕਮੁੱਠ ਹੋ ਕੇ ਵਿਚਰਨਾ ਚਾਹੀਦਾ ਹੈ, ਬਾਵਯੂਦ ਇਸਦੇ ਕਿ ਸਾਡੀ ਯੂਨੀਅਨ ਕਿਹੜੀ ਫੈਡਰੇਸ਼ਨ ਨਾਲ ਜੁੜੀ ਹੋਈ ਹੈ ਅਤੇ ਉਹ ਫੈਡਰੇਸ਼ਨ ਕਿਹੜੀ ਪਾਰਟੀ ਨਾਲ ਜੁੜੀ ਹੋਈ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਦਯੋਗਿਕ ਇਲਾਕਿਆਂ ਵਿਚ ਅਤੇ ਸੇਵਾ ਖੇਤਰ ਕੇਂਦਰਾਂ ਵਿੱਚ ਮਜ਼ਦੂਰਾਂ ਦੀਆਂ ਏਕਤਾ ਕਮੇਟੀਆਂ ਬਣਾਈਏ ਅਤੇ ਉਨ੍ਹਾਂ ਨੂੰ ਤਕੜਾ ਕਰੀਏ। ਵੱਖ-ਵੱਖ ਯੂਨੀਅਨਾਂ ਅਤੇ ਕਮਿਉਨਿਸਟ ਪਾਰਟੀਆਂ ਦੇ ਕਾਰਕੁੰਨਾਂ ਨੂੰ ਮਜ਼ਦੂਰਾਂ ਦੇ ਹੱਕਾਂ ਦੀ ਹਿਫਾਜ਼ਤ ਕਰਨ ਵਾਲੀਆਂ ਅਜੇਹੀਆਂ ਕਮੇਟੀਆਂ ਵਿੱਚ ਆਉਣਾ ਚਾਹੀਦਾ ਹੈ।
ਸਾਡੀਆਂ ਸਾਰੀਆਂ ਹੀ ਸਮੱਸਿਆਵਾਂ ਵਾਸਤੇ ਸੱਤਾਧਾਰੀ ਪਾਰਟੀ ਨੂੰ ਦੋਸ਼ ਦੇਣ ਵਾਲੇ ਸਾਨੂੰ ਆਪਣੇ ਅਸਲੀ ਦੁਸ਼ਮਣ ਨੂੰ ਪਛਾਨਣ ਵਿੱਚ ਰੁਕਾਵਟ ਪਾਉਂਦੇ ਹਨ। ਜ਼ਿੰਦਗੀ ਦਾ ਤਜਰਬਾ ਦੱਸਦਾ ਹੈ ਕਿ ਪਾਰਟੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਸਰਮਾਏਦਾਰਾ ਲੁੱਟ ਬਦ-ਤੋਂ-ਬਦਤਰ ਹੁੰਦੀ ਰਹਿੰਦੀ ਹੈ। 2004 ਵਿੱਚ ਭਾਜਪਾ ਦੀ ਥਾਂ ਕਾਂਗਰਸ ਆਈ ਅਤੇ 2014 ਵਿੱਚ ਕਾਂਗਰਸ ਦੀ ਥਾਂ ਭਾਜਪਾ ਆ ਗਈ, ਪਰ ਸਰਕਾਰ ਦਾ ਪ੍ਰੋਗਰਾਮ ਨਹੀਂ ਬਦਲਿਆ। ਇੱਕ ਤੋਂ ਬਾਅਦ ਦੂਸਰੀ ਸਰਕਾਰ ਵਿਸ਼ਵੀਕਰਣ, ਉਦਾਰੀਕਰਣ ਅਤੇ ਨਿੱਜੀਕਰਣ ਦੇ ਪ੍ਰੋਗਰਾਮ ਉੱਤੇ ਡਟੀ ਰਹੀ ਹੈ, ਜਿਸ ਪ੍ਰੋਗਰਾਮ ਦਾ ਨਿਸ਼ਾਨਾਂ ਮੇਹਨਤਕਸ਼ ਲੋਕਾਂ ਦੀ ਕੀਮਤ ਉੱਤੇ ਸਭ ਤੋਂ ਬੜੇ ਸਰਮਾਏਦਾਰਾਂ ਨੂੰ ਹੋਰ ਅਮੀਰ ਕਰਨਾ ਹੈ। ਇਸ ਤੋਂ ਕੀ ਪਤਾ ਲੱਗਦਾ ਹੈ? ਇਹੀ ਕਿ ਇਨ੍ਹਾਂ ਪਾਰਟੀਆਂ ਦੇ ਪਿੱਛੇ ਸਰਮਾਏਦਾਰ ਜਮਾਤ ਹੈ, ਜਿਨ੍ਹਾਂ ਦੇ ਮੁੱਖੀ ਟਾਟਾ, ਅੰਬਾਨੀ, ਬਿਰਲੇ ਅਤੇ ਹੋਰ ਅਜਾਰੇਦਾਰ ਘਰਾਣੇ ਹਨ। ਅਸਲੀ ਸਿਆਸੀ ਸੱਤਾ ਉਨ੍ਹਾਂ ਦੇ ਹੱਥ ਵਿੱਚ ਹੈ।
ਹਾਕਮ ਜਮਾਤ ਦੇ ਸਿਆਸਤਦਾਨਾਂ ਦਾ ਦਾਅਵਾ ਹੈ ਕਿ ਰਾਜ – ਮੰਤਰੀ ਅਤੇ ਸੰਸਦ ਮੈਂਬਰ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ, ਦਫਤਰਸ਼ਾਹੀ, ਨਿਆਂਪਾਲਕਾ, ਪੁਲੀਸ ਅਤੇ ਫੌਜੀ ਬਲ – ਸਰਮਾਏ ਅਤੇ ਕਿਰਤ ਵਿਚਕਾਰ ਨਿਰਪੱਖ ਸੁਲ੍ਹਾਕਾਰੀ ਹੈ। ਲੇਕਿਨ, ਜ਼ਿੰਦਗੀ ਦਾ ਤਜਰਬਾ ਇਹੀ ਦਿਖਾਉਂਦਾ ਹੈ ਕਿ ਮੌਜੂਦਾ ਰਾਜ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮੇਹਨਤਕਸ਼ ਲੋਕਾਂ ਨੂੰ ਦਬਾਉਣ ਲਈ ਸਰਮਾਏਦਾਰ ਜਮਾਤ ਦੇ ਹੱਥ ਵਿੱਚ ਔਜ਼ਾਰ ਹੈ।
ਸਮੁੱਚਾ ਸਿਆਸੀ ਢਾਂਚਾ ਅਤੇ ਇਸਦੀ ਚੋਣ ਵਿਧੀ ਸਰਮਾਏਦਾਰ ਜਮਾਤ ਦੀ ਹਕੂਮਤ ਕਾਇਮ ਰੱਖਣ ਲਈ ਘੜਿਆ ਗਿਆ ਹੈ। ਕ੍ਰੋੜਾਂ ਮਜ਼ਦੂਰ ਤਾਂ ਵੋਟ ਦੇ ਹੱਕ ਦੀ ਵੀ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਜਿਸ ਜਗ੍ਹਾ ਉੱਤੇ ਉਹ ਕੰਮ ਕਰਦੇ ਹਨ, ਉਹ ਥਾਂ ਉਸ ਜਗ੍ਹਾ ਤੋਂ ਬਹੁਤ ਦੂਰ ਹੁੰਦਾ ਹੈ, ਜਿਥੇ ਉਹ ਮੱਤਦਾਤਾ ਬਤੌਰ ਪੰਜੀਕਰਤ ਹੋਏ ਹੁੰਦੇ ਹਨ। ਇਸ ਤੋਂ ਇਲਾਵਾ, ਵੋਟ ਪਾਉਣ ਦਾ ਹੱਕ ਕੋਈ ਮਾਅਨੇ ਨਹੀਂ ਰੱਖਦਾ, ਜਦੋਂ ਉਨ੍ਹਾਂ ਦੀ ਉਮੀਦਵਾਰ ਖੜੇ ਕਰਨ ਵਿੱਚ ਕੋਈ ਪੁੱਛਗਿਛ ਨਹੀਂ, ਅਤੇ ਚੁਣੇ ਗਏ ਪ੍ਰਤੀਨਿੱਧ ਉਪਰ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ ਹੈ। ਚੋਣਾਂ ਨੂੰ ਸਰਮਾਏਦਾਰ ਜਮਾਤ ਵਲੋਂ ਰਾਜ ਮਸ਼ੀਨਰੀ ਨੂੰ ਚਲਾਉਣ ਲਈ ਆਪਣੀ ਇਸ ਜਾਂ ਉਸ ਵਿਸ਼ਵਾਸ਼ਯੋਗ ਪਾਰਟੀ ਨੂੰ ਗੱਦੀ ‘ਤੇ ਬਿਠਾਉਣ ਲਈ ਵਰਤਿਆ ਜਾਂਦਾ ਹੈ।
ਹਾਕਮ ਜਮਾਤ ਦੀਆਂ ਪਾਰਟੀਆਂ ਅਤੇ ਕਾਰਪੋਰੇਟਾਂ ਦੇ ਕੰਟਰੋਲ ਹੇਠਲਾ ਮੀਡੀਆ ਨਿਰੰਤਰ ਇਹ ਫਿਰਕਾਪ੍ਰਸਤ ਪ੍ਰਚਾਰ ਕਰਦਾ ਰਹਿੰਦਾ ਹੈ ਕਿ ਸਾਡੇ ਮੁੱਖ ਦੁਸ਼ਮਣ ਇਸ ਜਾਂ ਉਸ ਧਰਮ ਦੇ ਲੋਕ ਹਨ। ਇੱਕ ਸਮਾਂ ਸੀ ਜਦੋਂ ਉਹ ਕਹਿੰਦੇ ਸਨ ਕਿ ਸਿੱਖ ਸਾਡੇ ਮੁੱਖ ਦੁਸ਼ਮਣ ਹਨ। ਹੁਣ ਉਹ ਮੁਸਲਮਾਨਾਂ ਨੂੰ ਸਾਡਾ ਮੁੱਖ ਦੁਸ਼ਮਣ ਕਹਿੰਦੇ ਹਨ। ਉਹ ਸਾਡੀਆਂ ਸਾਰੀਆਂ ਸਮੱਸਿਆਵਾਂ ਵਾਸਤੇ ਪਾਕਿਸਤਾਨ ਜਾਂ ਚੀਨ ਉਪਰ ਵੀ ਇਲਜ਼ਾਮ ਲਾਉਂਦੇ ਰਹਿੰਦੇ ਹਨ। ਉਹ ਸਾਡੇ ਕੋਲੋਂ ਇਹ ਸੱਚਾਈ ਛੁਪਾ ਕੇ ਰੱਖਣਾ ਚਾਹੁੰਦੇ ਹਨ ਕਿ ਸਾਡਾ ਮੁੱਖ ਦੁਸ਼ਮਣ, ਸੱਤਾ ਵਿਚਲੀ ਸਰਮਾਏਦਾਰ ਜਮਾਤ ਹੈ, ਜਿਸਦੇ ਮੁੱਖੀ ਅਜਾਰੇਦਾਰ ਘਰਾਣੇ ਹਨ ਅਤੇ ਉਨ੍ਹਾਂ ਦੇ ਸਾਮਰਾਜਵਾਦੀ ਦੋਸਤ ਹਨ, ਜਿਨ੍ਹਾਂ ਦਾ ਮੁੱਖੀ ਅਮਰੀਕਾ ਹੈ। ਉਹ ਇਸ ਸੱਚਾਈ ਨੂੰ ਛੁਪਾਉਣਾ ਚਾਹੁੰਦੇ ਹਨ ਕਿ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਸਰੋਤ ਸਰਮਾਏਦਾਰਾ ਢਾਂਚਾ ਅਤੇ ਇਸ ਢਾਂਚੇ ਦੀ ਹਿਫਾਜ਼ਤ ਕਰਨ ਵਾਲਾ ਰਾਜ ਹੈ।
ਸਾਨੂੰ ਮਜ਼ਦੂਰਾਂ ਨੂੰ, ਧਰਮ, ਜ਼ਾਤ, ਯੂਨੀਅਨ ਅਤੇ ਸਿਆਸੀ ਪਾਰਟੀ ਨਾਲ ਨਾਤੇ ਤੋਂ ਉਪਰ ਉਠ ਕੇ ਆਪਣੇ ਸਾਂਝੇ ਦੁਸ਼ਮਣ, ਹਿੰਦੋਸਤਾਨੀ ਅਤੇ ਬਦੇਸ਼ੀ ਸਰਮਾਏਦਾਰ ਜਮਾਤ ਦੇ ਖ਼ਿਲਾਫ਼ ਆਪਣੀ ਏਕਤਾ ਮਜ਼ਬੂਤ ਕਰਨੀ ਚਾਹੀਦੀ ਹੈ।
ਸਾਡਾ ਨੀਵੇਂ ਤੋਂ ਨੀਵਾਂ ਸਿਆਸੀ ਨਿਸ਼ਾਨਾਂ ਸਰਮਾਏਦਾਰੀ ਦੀ ਹਕੂਮਤ ਦੀ ਥਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਸਥਾਪਤ ਕਰਨਾ ਹੋਣਾ ਚਾਹੀਦਾ ਹੈ। ਸਾਡੀਆਂ ਜਾਇਜ਼ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਅਤੇ ਸਾਡੇ ਤਮਾਮ ਹੱਕਾਂ ਦੀ ਹਿਫਾਜ਼ਤ ਯਕੀਨੀ ਬਣਾਉਣ ਲਈ, ਇੱਕ ਨਵੇਂ ਸਿਆਸੀ ਢਾਂਚੇ ਦੀ ਜ਼ਰੂਰਤ ਹੈ। ਸਾਨੂੰ ਇੱਕ ਅਜੇਹੀ ਘਾੜਤ ਦੇ ਢਾਂਚੇ ਦੀ ਜ਼ਰੂਰਤ ਹੈ ਕਿ ਸਿਆਸੀ ਤਾਕਤ ਹਮੇਸ਼ਾ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਥਾਂ ਵਿਚ ਰਵ੍ਹੇ, ਜਿਹੜੇ ਅਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਹਨ।
ਅਸੀਂ, ਜੋ ਹਿੰਦੋਸਤਾਨ ਦੀ ਦੌਲਤ ਦੇ ਨਿਰਮਾਤਾ ਹਾਂ, ਇਸ ਦੇ ਮਾਲਕ ਹੋਣੇ ਚਾਹੀਦੇ ਹਾਂ। ਸਾਨੂੰ ਫੈਸਲੇ ਲੈਣ ਵਾਲੇ ਬਣਨ ਦੀ ਜ਼ਰੂਰਤ ਹੈ ਅਤੇ ਇਸ ਪਦਵੀ ਤੋਂ ਸਰਮਾਏਦਾਰ ਜਮਾਤ ਨੂੰ ਪਾਸੇ ਕਰ ਦੇਣ ਦੀ ਜ਼ਰੂਰਤ ਹੈ। ਕੇਵਲ ਇਸ ਤਰ੍ਹਾਂ ਹੀ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਾਡੇ ਵਲੋਂ ਪੈਦਾ ਕੀਤੀ ਦੌਲਤ, ਮੇਹਨਤਕਸ਼ ਬਹੁਗਿਣਤੀ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਰਤੀ ਜਾਵੇ ਨਾ ਕਿ ਮੁੱਠੀਭਰ ਲੋਟੂਆਂ ਦੇ ਲਾਲਚ ਪੂਰੇ ਕਰਨ ਲਈ।
ਜਿਨ੍ਹਾਂ ਦਾ ਜੀਵਨ ਨਿਰਬਾਹ ਆਪਣੀ ਕਿਰਤ ਸ਼ਕਤੀ ਨੂੰ ਵੇਚ ਕੇ ਚੱਲਦਾ ਹੈ, ਉਹ ਸਭ ਲੋਕ ਇੱਕੋ ਹੀ ਜਮਾਤ ਵਿਚ ਹਨ। ਸਾਨੂੰ ਸਰਮਾਏਦਾਰਾ ਹਕੂਮਤ ਦੇ ਖਾਤਮੇ ਅਤੇ ਮਜ਼ਦੂਰਾਂ ਤੇ ਕਿਸਾਨਾਂ ਦੀ ਹਕੂਮਤ ਸਥਾਪਤ ਕਰਨ ਦੇ ਪ੍ਰੋਗਰਾਮ ਦੁਆਲੇ ਇਕਮੁੱਠ ਹੋਣਾ ਪਵੇਗਾ। ਸਾਨੂੰ ਇੱਕ ਅਜੇਹੇ ਰਾਜ ਅਤੇ ਸੰਵਿਧਾਨ ਲਈ ਸੰਘਰਸ਼ ਕਰਨਾ ਚਾਹੀਦਾ ਹੈ, ਜਿਸ ਅੰਦਰ ਅਸੀਂ, ਜੋ ਮੇਹਨਤ ਮੁਸ਼ਕੱਤ ਕਰਦੇ ਹਾਂ, ਇਸ ਦੇ ਫਲ਼ ਦਾ ਮਜ਼ਾ ਵੀ ਚੱਖ ਸਕੀਏ। ਸਾਨੂੰ ਇੱਕ ਇਕਮੁੱਠ ਹਰਾਵਲ ਦਸਤਾ ਪਾਰਟੀ ਉਸਾਰਨ ਲਈ ਤਾਣ ਲਾਉਣਾ ਚਾਹੀਦਾ ਹੈ, ਜੋ ਮਜ਼ਦੂਰ ਜਮਾਤ ਨੂੰ ਕਿਸਾਨੀ ਅਤੇ ਸਭ ਦੱਬੇ ਕੁਚਲੇ ਲੋਕਾਂ ਨਾਲ ਮਿਲ ਕੇ ਹਾਕਮ ਜਮਾਤ ਬਣਨ ਦੇ ਸੰਘਰਸ਼ ਨੂੰ ਅਗਵਾਈ ਦੇਵੇ।
ਇੱਕ ਮਜ਼ਦੂਰ ਜਮਾਤ, ਇੱਕ ਪ੍ਰੋਗਰਾਮ, ਇੱਕ ਪਾਰਟੀ!