ਅਮਰੀਕਾ ਹਿੰਦੋਸਤਾਨ ਅਤੇ ਚੀਨ ਵਿਚਾਲੇ ਝਗੜੇ ਨੂੰ ਭੜਕਾ ਰਿਹਾ ਹੈ

ਆਪਸੀ ਝਗੜਿਆਂ ਨੂੰ ਵਧਾਉਣ ਨਾਲ, ਨਾ ਤਾਂ ਹਿੰਦੋਸਤਾਨ ਨੂੰ ਕੋਈ ਫਾਇਦਾ ਹੈ ਅਤੇ ਨਾ ਹੀ ਚੀਨ ਨੂੰ

ਏਸ਼ੀਆ ਦੀਆਂ ਇਹਨਾਂ ਦੋਹਾਂ ਬੜੀਆਂ ਤਾਕਤਾਂ ਨੂੰ ਕਮਜ਼ੋਰ ਕਰਕੇ ਅਮਰੀਕੀ ਸਾਮਰਾਜਵਾਦ ਨੂੰ ਹੀ ਫਾਇਦਾ ਹੈ

15 ਜੂਨ ਨੂੰ, ਪੂਰਬੀ ਲੱਦਾਖ ਦੀ ਗ਼ਲਵਾਨ ਘਾਟੀ ਵਿੱਚ ਹਿੰਦੋਸਤਾਨ ਅਤੇ ਚੀਨੀ ਸੈਨਿਕਾਂ ਦੇ ਵਿਚਾਲੇ ਸਰਹੱਦੀ ਝਗੜੇ ਨੂੰ ਲੈ ਕੇ ਜੋ ਮੁੱਠਭੇੜ ਹੋਈ ਸੀ, ਉਸ ਵਿੱਚ ਦੋਹਾਂ ਦੇਸ਼ਾਂ ਦੇ ਕਈ ਫੌਜੀ ਜਵਾਨ ਮਾਰੇ ਗਏ ਸਨ। ਜਦੋਂ ਕਿ ਹਿੰਦੋਸਤਾਨ ਅਤੇ ਚੀਨ ਦੀਆਂ ਸਰਕਾਰਾਂ ਇਹ ਪੱਕਾ ਕਰਨ ਦੇ ਲਈ ਇੰਤਜ਼ਾਮ ਕਰ ਰਹੀਆਂ ਹਨ ਕਿ ਅਸਲ ਕੰਟਰੋਲ ਰੇਖਾ ‘ਤੇ ਫਿਰ ਤੋਂ ਇਸ ਤਰ੍ਹਾਂ ਦੀ ਖ਼ੂਨੀ ਝੜਪ ਨਾ ਹੋਵੇ, ਤਾਂ ਅਮਰੀਕਾ ਏਸ਼ੀਆਂ ਦੇ ਇਹਨਾਂ ਦੋ ਗੁਆਂਢੀ ਦੇਸ਼ਾਂ ਦੇ ਆਪਸੀ ਝਗੜੇ ਨੂੰ ਭੜਕਾਉਣ ਦੀ ਭਰਪੂਰ ਕੋਸ਼ਿਸ਼ ਕਰ ਰਿਹਾ ਹੈ।

ਅਮਰੀਕਾ ਦੇ ਲੀਡਰ, ਚੀਨ ਨੂੰ ਹਿੰਦੋਸਤਾਨ ਦੀ ਪ੍ਰਭੂਸੱਤਾ ਉੱਤੇ ਹਮਲਾ ਕਰਨ ਦੇ ਲਈ ਦੋਸ਼ੀ ਠਹਿਰਾ ਰਹੇ ਹਨ ਅਤੇ ਬੜੇ ਜੋਰ-ਸ਼ੋਰ ਨਾਲ ਹਿੰਦੋਸਤਾਨ ਦੇ ਲਈ ਆਪਣੇ “ਹਮੈਤ” ਦਾ ਐਲਾਨ ਕਰ ਰਹੇ ਹਨ। ਅਮਰੀਕੀ ਲੀਡਰ, ਹਿੰਦੋਸਤਾਨ ਤੋਂ ਇਹ ਮੰਗ ਕਰ ਰਹੇ ਹਨ ਕਿ ਰੂਸ-ਚੀਨ-ਹਿੰਦੋਸਤਾਨ ਦੇ ਬਹੁ-ਦੇਸ਼ੀ ਸਮੂਹਾਂ ‘ਚੋਂ ਉਹ ਬਾਹਰ ਨਿਕਲ ਆਏ ਅਤੇ ਅਮਰੀਕਾ ਦੇ ਨਾਲ ਆਪਣੇ ਰਣਨੀਤਿਕ ਸੈਨਿਕ ਗਠਬੰਧਨ ਨੂੰ ਮਜ਼ਬੂਤ ਕਰੇ। ਉਹ ਮੰਗ ਕਰ ਰਹੇ ਹਨ ਕਿ ਚੀਨ ਨੂੰ ਘੇਰਨ ਦੇ ਇਰਾਦੇ ਨਾਲ ਗਠਿਤ, ਅਮਰੀਕਾ ਦੀ ਅਗਵਾਈ ਵਾਲੇ ਸੈਨਿਕ ਗਠਬੰਧਨ ਵਿੱਚ ਹਿੰਦੋਸਤਾਨ ਹੋਰ ਵੀ ਜ਼ਿਆਦਾ ਸਰਗਰਮੀ ਦੇ ਨਾਲ ਹਿੱਸਾ ਲਵੇ। ਅਮਰੀਕਾ ਨੇ ਦੱਖਣੀ ਚੀਨੀ ਸਮੁੰਦਰ ਵਿੱਚ ਆਪਣੇ ਜੰਗੀ ਬੇੜਿਆਂ ਨੂੰ ਇੱਕ ਭੜਕਾਊ ਮਿਸ਼ਨ ‘ਤੇ ਭੇਜਿਆ ਹੈ ਅਤੇ ੳੱਥੋਂ ਦੇ ਦੂਸਰੇ ਤੱਟਵਰਤੀ ਦੇਸ਼ਾਂ ਨੂੰ ਚੀਨ ਦੇ ਖ਼ਿਲਾਫ਼ ਭੜਕਾ ਰਿਹਾ ਹੈ।

ਅਮਰੀਕਾ ਦਾ ਹਿੰਦੋਸਤਾਨ ਨੂੰ ਚੀਨ ਦੇ ਖ਼ਿਲਾਫ਼ ਭੜਕਾਉਣਾ, ਅਮਰੀਕਾ ਦੀ ਏਸ਼ੀਆ ਅਤੇ ਪੂਰੀ ਦੁਨੀਆਂ ਉੱਤੇ ਆਪਣਾ ਕਬਜ਼ਾ ਜਮਾਉਣ ਦੀ ਹਮਲਾਵਰ ਰਣਨੀਤੀ ਦਾ ਹਿੱਸਾ ਹੈ। ਇਸ ਵਿਚ ਅਮਰੀਕਾ ਚੀਨ ਨੂੰ ਆਪਣੇ ਲਈ ਇੱਕ ਮੁੱਖ ਖ਼ਤਰਾ ਮੰਨਦਾ ਹੈ। ਚੀਨ ਨਾ ਸਿਰਫ਼ ਪੂਰੀ ਦੁਨੀਆਂ ਦੀ ਫ਼ੈਕਟਰੀ ਦੇ ਰੂਪ ਵਿੱਚ ਉੱਭਰ ਕੇ ਅੱਗੇ ਆਇਆ ਹੈ, ਬਲਕਿ ਉਹ ਦੂਰ-ਸੰਚਾਰ (ਟੈਲੀ-ਕਮਿਊਨੀਕੇਸ਼ਨ) ਅਤੇ ਸੌਰ ਊਰਜ਼ਾ ਦੇ ਖੇਤਰ ਵਿੱਚ ਵੀ ਤੇਜ਼ ਗਤੀ ਨਾਲ ਨਵੀਂ ਟੈਕਨਾਲੋਜੀ ਵਿੱਚ ਸਭ ਤੋਂ ਅੱਗੇ ਵਧ ਰਿਹਾ ਹੈ। ਅਮਰੀਕਾ ਨੇ ਹੂਅਵੇਈ ਅਤੇ ਹਿੱਕ-ਵਿਜਨ ਵਰਗੀਆਂ ਚੀਨੀ ਹਾਈ-ਟੈਕ ਕੰਪਣੀਆਂ ਉੱਤੇ ਪਬੰਦੀ ਲਾਉਣ ਦੇ ਲਈ ਦੁਨੀਆਂਭਰ ਵਿੱਚ ਇੱਕ ਮੁਹਿੰਮ ਚਲਾਈ ਹੋਈ ਹੈ।

ਅਮਰੀਕੀ ਲੀਡਰ, ਹਿੰਦੋਸਤਾਨ ਨੂੰ ਉਕਸਾ ਰਹੇ ਹਨ ਕਿ ਹਿੰਦੋਸਤਾਨ ਚੀਨੀ ਚੀਜ਼ਾਂ ਅਤੇ ਸੇਵਾਵਾਂ ਦਾ ਬਹਿਸ਼ਕਾਰ ਕਰਕੇ, ਚੀਨ ਦੇ ਨਾਲ ਆਪਣੇ ਆਰਥਿਕ ਸਬੰਧਾਂ ਨੂੰ ਖ਼ਤਮ ਕਰ ਦੇਵੇ। ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਰਿਲਾਇੰਸ ਜੀਓ ਨੂੰ ਇੱਕ “ਸੁਥਰੀ ਟੈਲੀਕਾਮ ਕੰਪਣੀ” ਕਹਿ ਕੇ ਉਸ ਦੀ ਤਰੀਫ਼ ਕੀਤੀ ਹੈ, ਕਿਉਂਕਿ ਉਹ ਹੁਅਵੇਈ ਵਰਗੀਆਂ ਚੀਨੀ ਕੰਪਣੀਆਂ ਦੇ ਨਾਲ ਕੰਮ ਨਹੀਂ ਕਰਦੀ ਹੈ। ਪੌਂਪੀਓ ਨੇ ਹਿੰਦੋਸਤਾਨੀ ਸਰਕਾਰ ਦੀ ਵੀ ਤਰੀਫ਼ ਕੀਤੀ ਹੈ ਕਿ ਉਸਨੇ ਚੀਨੀ ਕੰਪਣੀਆਂ ਦੇ ਬਣਾਏ ਹੋਏ 59 (ਐਪਸ) ਮੋਬਾਈਲ ਫੋਨ ਐਪਲੀਕੇਸ਼ਨਾਂ ਉੱਤੇ ਪਬੰਦੀ ਲਾ ਦਿੱਤੀ ਹੈ।

ਬੀਤੇ ਕਈ ਸਾਲਾਂ ਤੋਂ, ਹਿੰਦੋਸਤਾਨ ਅਤੇ ਚੀਨ ਦੇ ਵਿਚਾਲੇ ਵਪਾਰ ਲਗਾਤਾਰ ਵਧਦਾ ਜਾ ਰਿਹਾ ਹੈ। ਹਿੰਦੋਸਤਾਨ ਅਤੇ ਚੀਨ ਦੇ ਆਪਸੀ ਆਰਥਿਕ ਸਬੰਧਾਂ ਦੇ ਮਜ਼ਬੂਤ ਹੋਣ ਦੀ ਇਸ ਪ੍ਰਕ੍ਰਿਆ ਨੂੰ ਅਮਰੀਕਾ ਆਪਣੇ ਹਿੱਤਾਂ ਦੇ ਖ਼ਿਲਾਫ਼ ਮੰਨਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਹਿੰਦੋਸਤਾਨ ਦੀ ਅਰਥਵਿਵਸਥਾ ਦੇ ਪ੍ਰਮੁੱਖ ਖੇਤਰਾਂ ਉੱਤੇ ਅਮਰੀਕੀ ਬਹੁਰਾਸ਼ਟਰੀ ਕੰਪਣੀਆਂ ਦਾ ਦਬਦਬਾ ਹੋਵੇ। ਇਸ ਲਈ ਅਮਰੀਕਾ ਜਾਣ-ਬੁੱਝਕੇ ਵੱਖ-ਵੱਖ ਖੇਤਰਾਂ ਵਿੱਚ ਚੀਨੀ ਕੰਪਣੀਆਂ ਤੋਂ “ਹਿੰਦੋਸਤਾਨ ਦੀ ਸੁਰੱਖਿਆ ਨੂੰ ਖ਼ਤਰੇ” ‘ਤੇ ਰੋਸਨੀ ਪਾ ਰਿਹਾ ਹੈ। ਪ੍ਰੰਤੂ, ਅਮਰੀਕੀ ਬਹੁਰਾਸ਼ਟਰੀ ਕੰਪਣੀਆਂ ਤੋਂ ਹਿੰਦੋਸਤਾਨ ਦੀ ਸੁਰੱਖਿਆ ਨੂੰ ਖ਼ਤਰੇ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ ਜਾ ਰਹੀ ਹੈ।

ਅਪ੍ਰੈਲ ਵਿੱਚ, ਸਰਹੱਦ ‘ਤੇ ਝੜਪ ਹੋਣ ਤੋਂ ਪਹਿਲਾਂ ਹੀ, ਸਰਕਾਰ ਨੇ ਪ੍ਰਤੱਖ ਵਿਦੇਸ਼ੀ ਪੂੰਜੀਨਿਵੇਸ਼ (ਐਫ.ਡੀ.ਆਈ.) ਦੇ ਨਿਯਮ ਬਦਲ ਦਿੱਤੇ ਸਨ। ਬਦਲਾਓ ਇਹ ਸੀ ਕਿ ਆਟੋਮੈਟਿਕ ਰੂਟ ਤੋਂ ਇਜਾਜ਼ਤ-ਸ਼ੁਦਾ ਐਫ.ਡੀ.ਆਈ. ਦੇ ਲਈ ਵੀ ਸਰਕਾਰ ਦੀ ਮੰਨਜ਼ੂਰੀ ਲੈਣਾ ਜ਼ਰੂਰੀ ਬਣਾ ਦਿੱਤਾ ਗਿਆ, ਅਗਰ ਐਫ.ਡੀ.ਆਈ. ਅਜਿਹੇ ਦੇਸ਼ ਤੋਂ ਆ ਰਿਹਾ ਹੋਵੇ, ਜਿਸ ਦੀ ਹਿੰਦੋਸਤਾਨ ਨਾਲ ਜ਼ਮੀਨੀ ਸਰਹੱਦ ਹੈ। ਇਹ ਸਪੱਸ਼ਟ ਹੈ ਕਿ ਅਜਿਹਾ ਕਦਮ ਚੀਨ ਤੋਂ ਆਉਣ ਵਾਲੇ ਐਫ.ਡੀ.ਆਈ. ‘ਤੇ ਕੰਟਰੋਲ ਕਰਨ ਦੇ ਲਈ ਚੁੱਕਿਆ ਗਿਆ ਸੀ, ਕਿਉਂਕਿ ਕਿਸੇ ਹੋਰ ਗੁਆਂਢੀ ਦੇਸ਼ ਤੋਂ ਹਿੰਦੋਸਤਾਨ ਨੂੰ ਕੋਈ ਐਫ.ਡੀ.ਆਈ. ਨਹੀਂ ਆਉਂਦਾ ਹੈ।

2008-2013 ਦੇ ਦੌਰਾਨ ਚੀਨ ਹਿੰਦੋਸਤਾਨ ਦੇ ਨਾਲ ਵਪਾਰ ਵਿੱਚ ਸਭ ਤੋਂ ਬੜਾ ਸਾਂਝੀਦਾਰ ਸੀ। 2018-19 ਵਿੱਚ ਹਿੰਦੋਸਤਾਨ ਨਾਲ ਵਪਾਰ ਵਿੱਚ ਅਮਰੀਕਾ ਸਭ ਤੋਂ ਅੱਗੇ ਸੀ ਅਤੇ ਚੀਨ ਉਸ ਤੋਂ ਥੋੜ੍ਹਾ ਜਿਹਾ ਪਿੱਛੇ, ਦੂਸਰੀ ਜਗ੍ਹਾ ‘ਤੇ ਸੀ। ਹਿੰਦੋਸਤਾਨ ਚੀਨ ਤੋਂ ਆਯਾਤ ਉੱਤੇ ਬਹੁਤ ਨਿਰਭਰ ਹੈ, ਨਾ ਸਿਰਫ਼ ਉਪਭੋਗ ਦੀਆਂ ਚੀਜ਼ਾਂ ਦੇ ਲਈ, ਬਲਕਿ ਕਈ ਪੂੰਜੀਗਤ ਅਤੇ ਹੋਰ ਚੀਜ਼ਾਂ ਦੇ ਲਈ ਵੀ। ਚੀਨ ਹਿੰਦੋਸਤਾਨ ਨੂੰ ਆਪਣੀਆਂ ਉਤਪਾਦਿਤ ਚੀਜ਼ਾਂ ਦੇ ਲਈ ਅਤੇ ਪੂੰਜੀ ਨਿਰਯਾਤ ਦੇ ਲਈ ਇੱਕ ਵਿਸ਼ਾਲ ਬਜ਼ਾਰ ਮੰਨਦਾ ਹੈ।

2018-19 ਵਿੱਚ, ਹਿੰਦੋਸਤਾਨ ਨੇ ਚੀਨ (ਹਾਂਗਕਾਂਗ ਸਮੇਤ) ਤੋਂ 88 ਅਰਬ ਡਾਲਰ ਦੀ ਕੀਮਤ ਦੀਆਂ ਚੀਜ਼ਾਂ ਦਾ ਆਯਾਤ ਕੀਤਾ ਸੀ। ਇਹ ਹਿੰਦੋਸਤਾਨ ਦੇ ਕੱੁਲ ਆਯਾਤ ਦੇ 17 ਫੀਸਦੀ ਤੋਂ ਜ਼ਿਆਦਾ ਸੀ, ਜਾਣੀ ਚੀਨ ਆਯਾਤ ਦਾ ਸਭ ਤੋਂ ਬੜਾ ਸਰੋਤ ਸੀ। ਉਸੇ ਸਾਲ ਵਿਚ, ਹਿੰਦੋਸਤਾਨ ਨੇ ਚੀਨ ਨੂੰ ਲੱਗਭਗ 30 ਅਰਬ ਡਾਲਰ ਕੀਮਤ ਦੀਆਂ ਚੀਜ਼ਾਂ ਦਾ ਨਿਰਯਾਤ ਕੀਤਾ ਸੀ।

ਹਿੰਦੋਸਤਾਨੀ ਕੰਪਣੀਆਂ ਚੀਨ ਤੋਂ ਆਪਣਾ ਸਮਾਨ ਖ਼ਰੀਦਣਾ ਪਸੰਦ ਕਰਦੀਆਂ ਹਨ, ਕਿਉਂਕਿ ੳਨ੍ਹਾਂ ਦੀਆਂ ਕੀਮਤਾਂ ਘੱਟ ਹੁੰਦੀਆਂ ਹਨ। ਹਿੰਦੋਸਤਾਨ ਦੇ ਬਜ਼ਾਰ ਚੀਨੀ ਉਤਪਾਦਾਂ – ਪਟਾਕਿਆਂ ਤੋਂ ਲੈ ਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਹਾਈ-ਟੈਕ ਟੈਲੀਕਾਮ ਯੰਤਰਾਂ ਨਾਲ ਭਰੇ ਪਏ ਹਨ।

ਹਿੰਦੋਸਤਾਨ ਦੀਆਂ ਆਟੋਮੋਬਾਈਲ ਕੰਪਣੀਆਂ ਕਈ ਨਿਰਣਾਇਕ ਪੁਰਜ਼ਿਆਂ ਦਾ ਆਯਾਤ ਚੀਨ ਤੋਂ ਕਰਦੀਆਂ ਹਨ। ਹਿੰਦੋਸਤਾਨੀ ਦਵਾਈ ਕੰਪਣੀਆਂ ਚੀਨ ਤੋਂ ਦਵਾਈਆਂ ਦੇ ਥੋਕ ਆਯਾਤ ਉੱਤੇ ਨਿਰਭਰ ਕਰਦੀਆਂ ਹਨ। ਹਿੰਦੋਸਤਾਨ ਦੀਆਂ ਟੈਲੀਕਾਮ ਕੰਪਣੀਆਂ, ਜਿਵੇਂ ਏਅਰਟੈਲ ਅਤੇ ਬੋਡਾਫੋਨ-ਆਈਡੀਆ, ਚੀਨੀ ਸਮੱਗਰੀ ਦਾ ਇਸਤੇਮਾਲ ਕਰਕੇ, ਆਪਣੇ ਨੈਟਵਰਕ ਦਾ ਵਿਸਥਾਰ ਕਰ ਰਹੀਆਂ ਹਨ ਅਤੇ ਘੱਟ ਕੀਮਤ ‘ਤੇ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ।

ਹਿੰਦੋਸਤਾਨ ਦੇ ਨਿਰਯਾਤਕ ਚੀਨ ਤੋਂ ਆਯਾਤ ਕੀਤੀਆਂ ਹੋਈਆਂ ਚੀਜ਼ਾਂ ‘ਤੇ ਬਹੁਤ ਹੱਦ ਤੱਕ ਨਿਰਭਰ ਹਨ। ਇਹ ਨਿਰਭਰਤਾ ਸਾਲ-ਦਰ-ਸਾਲ ਵਧਦੀ ਹੀ ਜਾ ਰਹੀ ਹੈ। ਹਿੰਦੋਸਤਾਨੀ ਨਿਰਯਾਤਾਂ ਵਿਚ ਚੀਨ ਤੋਂ ਆਯਾਤ ਕੀਤੀਆਂ ਚੀਜ਼ਾਂ ਦਾ ਹਿੱਸਾ, ਜੋ 2009 ਵਿੱਚ 2 ਫ਼ੀਸਦੀ ਤੋਂ ਵੀ ਘੱਟ ਸੀ, ਹੁਣ ਵਧ ਕੇ 2019 ਵਿੱਚ 34 ਫ਼ੀਸਦੀ ਹੋ ਗਿਆ ਹੈ।

ਹਿੰਦੋਸਤਾਨ ਵਿਚ ਚੱਲ ਰਹੀਆਂ ਬਹੁਤ ਸਾਰੀਆਂ ਵੱਡੀ-ਵੱਡੀ ਢਾਂਚਾਗਤ ਪਰਿਯੋਜਨਾਵਾਂ ਵਿੱਚ ਚੀਨੀ ਕੰਪਣੀਆਂ ਸਮੱਗਰੀ ਅਤੇ ਨਿਰਮਾਣ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਨਵੇਂ ਬਿਜਲੀ ਉਪਕਰਮਾਂ ਦਾ ਲੱਗਭਗ ਇੱਕ-ਤਿਹਾਈ ਸਮਾਨ ਚੀਨ ਤੋਂ ਆਯਾਤ ਹੁੰਦਾ ਹੈ। ਚੀਨੀ ਪੂੰਜੀਗਤ ਚੀਜ਼ਾਂ ਦੀਆਂ ਕੀਮਤਾਂ ਅਕਸਰ ਅਮਰੀਕੀ ਜਾਂ ਯੂਰੋਪ ਦੇ ਸਪਲਾਇਰਾਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਦੇ ਅੱਧੇ ਤੋਂ ਵੀ ਘੱਟ ਹੁੰਦੀਆਂ ਹਨ।

100 ਤੋਂ ਜ਼ਿਆਦਾ ਚੀਨੀ ਕੰਪਣੀਆਂ ਹਿੰਦੋਸਤਾਨ ਵਿੱਚ ਕੰਮ ਕਰ ਰਹੀਆਂ ਹਨ। ਇਹਨਾਂ ਵਿੱਚੋਂ ਕੁਛ ਪ੍ਰਮੁੱਖ ਕੰਪਣੀਆਂ ਹਨ, ਸਾਈਨੋਸਟੀਲ, ਸ਼ੋਊਗੈਂਗ ਇੰਟਰਨੈਸ਼ਨਲ, ਬਓਸ਼ਾਨ ਅਇਰਨ ਐਂਡ ਸਟੀਲ, ਸੇਨੀ ਹੈਵੀ ਇੰਡਸਟਰੀ, ਚੋਗਕਿੰਗ ਲਿਫ਼ਾਨ ਇੰਡਸਟਰੀ, ਚਾਇਨਾ ਡੋਂਗਫ਼ੈਂਗ ਇੰਟਰਨੈਸ਼ਨਲ ਅਤੇ ਸਾਈਨੋ ਹਾਈਡਰੋ ਕਾਰਪੋਰੇਸ਼ਨ। ਸਾਡੇ ਮੋਬਾਈਲ ਹੈਂਡਸੈੱਟ ਦੇ ਬਜ਼ਾਰ ਦਾ 50 ਫ਼ੀਸਦੀ ਹਿੱਸਾ ਚੀਨੀ ਟੈਲੀਕਾਮ ਕੰਪਣੀਆਂ – ਸਿਓਮੀ, ਵਿਵੋ ਅਤੇ ਓਪੋ – ਦੇ ਹੱਥਾਂ ਵਿੱਚ ਹੈ।

ਚਾਇਨਾ ਗਲੋਬਲ ਇਨਵੇਸਟਮੈਂਟ ਟ੍ਰੈਕਰ, ਜੋ 10 ਕਰੋੜ ਡਾਲਰ ਤੋਂ ਜ਼ਿਆਦਾ ਪੂੰਜੀ-ਨਿਵੇਸ਼ ਦਾ ਹਿਸਾਬ ਰੱਖਦਾ ਹੈ, ਦੇ ਅਨੁਸਾਰ 2007-19 ਦੇ ਦੌਰਾਨ ਚੀਨੀ ਕੰਪਣੀਆਂ ਨੇ ਹਿੰਦੋਸਤਾਨ ਵਿੱਚ 14.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਵਿੱਚ ਜ਼ਿਆਦਾਤਰ ਨਿਵੇਸ਼ ਊਰਜ਼ਾ, ਪ੍ਰੌਧੋਗਿਕੀ (ਟੈਲੀਕਮਿਊਨੀਕੇਸ਼ਨ), ਉਪਭੋਗ ਦੀਆਂ ਚੀਜ਼ਾਂ, ਧਾਤਾਂ ਅਤੇ ਰੀਅਲ  ਇਸਟੇਟ ਵਿੱਚ ਹਨ।

ਵਪਾਰ ਅਤੇ ਉਦਯੋਗ ਮੰਤਰਾਲਿਆ ਦੇ ਅਨੁਸਾਰ, ਚੀਨੀ ਪੂੰਜੀਨਿਵੇਸ਼ ਨੂੰ ਖਿੱਚ ਪਾਉਣ ਵਾਲੇ ਮੁੱਖ ਖੇਤਰ ਹਨ – ਆਟੋਮੋਬਾਈਲ, ਬਿਜਲੀ ਦਾ ਸਮਾਨ, ਕਿਤਾਬਾਂ ਦੀ ਛਪਾਈ ਅਤੇ ਇਲੈਕਟਰੋਨਿਕਸ।

ਚੀਨੀ ਸਰਮਾਏਦਾਰਾਂ ਨੇ ਹਿੰਦੋਸਤਾਨੀ ਸਟਾਰਟ-ਅੱਪ ਕੰਪਣੀਆਂ ਵਿੱਚ ਇੱਕ ਅਰਬ ਡਾਲਰ (7,500 ਕਰੋੜ ਰੁਪਏ) ਦਾ ਨਿਵੇਸ਼ ਕੀਤਾ ਹੈ। ਚੀਨ ਦੇ ਸਭ ਤੋਂ ਬੜੇ ਜਾਂ ਏਸ਼ੀਆ ਦੇ ਸਭ ਤੋਂ ਅਮੀਰ ਸਰਮਾਏਦਾਰਾਂ ਵਿੱਚੋਂ ਇੱਕ, ਜੈਕ ਮਾ ਦੀ ਅਲੀ ਬਾਬਾ ਕੰਪਣੀ ਨੇ ਪੇਟੀਐਮ, ਬਿੱਗ ਬਾਸਕਟ ਅਤੇ ਜੋਮਾਟੋ ਵਿੱਚ ਵੀ ਭਾਰੀ ਸਰਮਾਇਆ ਲਾਇਆ ਹੈ। ਇੱਕ ਹੋਰ ਚੀਨੀ ਕੰਪਣੀ, ਟੇਨਸੈਂਟ ਨੇ ਓਲਾ, ਫਿਲਪਕਾਰਟ ਅਤੇ ਬਯਿਜੂ ਵਿੱਚ ਭਾਰੀ ਸਰਮਾਇਆ ਲਾਇਆ ਹੈ।

ਹਿੰਦੋਸਤਾਨੀ ਬੜੇ ਸਰਮਾਏਦਾਰਾਂ ਨੇ ਵੀ ਚੀਨ ਵਿੱਚ ਕਾਫੀ ਸਰਮਾਇਆ ਲਾਇਆ ਹੈ। ਇਹਨਾਂ ਵਿੱਚ ਸ਼ਾਮਲ ਹਨ ਆਗੂ ਆਈ.ਟੀ. ਕੰਪਣੀਆਂ ਜਿਵੇਂ ਇਨਫੋਸਿਸ, ਟੀ.ਸੀ.ਐਸ., ਐਪਟੇਕ, ਬਿਪਰੋ, ਐਨ.ਆਈ.ਆਈ.ਟੀ. ਅਤੇ ਮਹਿੰਦਰਾ ਜਾਂ ਬੜੀ-ਬੜੀ ਦਵਾਈ ਕੰਪਣੀਆਂ ਜਿਵੇਂ ਕਿ ਡਾ: ਰੈੱਡੀਜ ਲੈਬੋਰੇਟਰੀਜ, ਔਰੋਬਿੰਦੋ ਫਰਮਾਂ ਅਤੇ ਮੈਟਰਿਕਸ ਫਰਮਾਂ। 2017 ਵਿੱਚ ਸੀ.ਆਈ.ਆਈ. ਵਲੋਂ ਕੀਤੇ ਗਏ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਕਿ 54 ਹਿੰਦੋਸਤਾਨੀ ਕੰਪਣੀਆਂ ਚੀਨ ਵਿੱਚ ਵਿਨਿਰਮਾਣ, ਸਿਹਤ ਸੇਵਾ, ਆਈ.ਟੀ. ਅਤੇ ਵਿੱਤੀ ਸੇਵਾਵਾਂ ਵਿੱਚ ਕੰਮ ਕਰ ਰਹੀਆਂ ਹਨ। ਸਰਵੇਖਣ ਵਿੱਚ ਇਹ ਵੀ ਪਤਾ ਲੱਗਿਆ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਕੰਪਣੀਆਂ ਚੀਨ ਵਿੱਚ ਆਪਣਾ ਸਰਮਾਇਆ ਵਧਾਉਣ ਵਾਲੀਆਂ ਹਨ।

ਇਹ ਸਪੱਸ਼ਟ ਹੈ ਕਿ ਹਿੰਦੋਸਤਾਨ ਅਤੇ ਚੀਨ ਨੂੰ ਆਪਸ-ਵਿੱਚ ਬੰਨ੍ਹਣ ਵਾਲੇ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਆਰਥਿਕ ਹਿੱਤ ਹਨ। ਦੋਹਾਂ ਦੇਸ਼ਾਂ ਦੀ ਆਪਸੀ ਆਰਥਿਕ ਨਿਭਰਤਾ ਵਧ ਰਹੀ ਹੈ। ਚੀਨੀ ਚੀਜ਼ਾਂ ਦੇ ਬਹਿਸ਼ਕਾਰ ਦਾ ਹਿੰਦੋਸਤਾਨ ਵਿੱਚ ਪੈਦਾਵਾਰ ਅਤੇ ਨਿਰਯਾਤਾਂ ਉੱਤੇ ਨਕਾਰਾਤਮਕ ਅਸਰ ਪਵੇਗਾ। ਹਿੰਦੋਸਤਾਨੀ ਵਸਤਾਂ ਦੀਆਂ ਲਾਗਤਾਂ ਅਤੇ ਕੀਮਤਾਂ ਬਹੁਤ ਵਧ ਜਾਣਗੀਆਂ।

ਹਿੰਦੋਸਤਾਨੀ ਦਵਾਈ ਕੰਪਣੀਆਂ ਨੇ ਕਿਹਾ ਹੈ ਕਿ ਚੀਨ ਤੋਂ ਆਯਾਤਾਂ ਦੀ ਜਾਂਚ ਕਰਨ ਦੇ ਸਰਕਾਰ ਫ਼ੈਸਲੇ ਦੀ ਵਜ੍ਹਾ ਨਾਲ, ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ਼ ਕਰਨ ਦੇ ਲਈ ਜ਼ਰੂਰੀ ਦਵਾਈਆਂ ਨੂੰ ਬਨਾਉਣ ਵਿੱਚ ਦੇਰ ਹੋ ਸਕਦੀ ਹੈ, ਜਿਸਦਾ ਨਕਾਰਾਤਮਕ ਅਸਰ ਹੋਵੇਗਾ। ਆਟੋਮੋਬਾਈਲ ਕੰਪੋਨੈਂਟ ਮੈਨੂਫੈਕਚਰਸ ਨੇ ਚਿੰਤਾ ਪ੍ਰਕਟ ਕੀਤੀ ਹੈ ਕਿ ਆਯਾਤ ਦੇ ਕਸਟਮ ਕਲੀਅਰੈਂਸ ਵਿੱਚ ਹੋ ਰਹੀ ਦੇਰੀ ਦੇ ਕਾਰਨ, ਉਹਨਾਂ ਦਾ ਮੈਨੂਫੈਕਚਰ ਦਾ ਕੰਮ ਰੁਕ ਰਿਹਾ ਹੈ।

ਹਿੰਦੋਸਤਾਨ ਅਤੇ ਚੀਨ ਦੇ ਆਪਸੀ ਝਗੜੇ ਨੂੰ ਹੋਰ ਭੜਕਾਉਣਾ, ਸਾਡੇ ਦੋਹਾਂ ਦੇਸ਼ਾਂ ਦੇ ਹਿੱਤ ਵਿੱਚ ਨਹੀਂ ਹੈ। ਸਾਰੇ ਸਬੂਤਾਂ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਅਮਰੀਕੀ ਸਾਮਰਾਜਵਾਦ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੇ ਲਈ, ਹਿੰਦੋਸਤਾਨ ਅਤੇ ਚੀਨ ਦੇ ਵਿੱਚ ਝਗੜਾ ਖੜਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਅਮਰੀਕਾ, ਦੁਨੀਆਂ ਦੇ ਮਾਮਲਿਆਂ ਵਿੱਚ ਆਪਣਾ ਅਸਰ ਕਾਇਮ ਰੱਖਣਾ ਚਾਹੁੰਦਾ ਹੈ। ਇਸ ਲਈ ਇਹ ਏਸ਼ੀਆਂ ਦੀਆਂ ਇਹਨਾਂ ਦੋਹਾਂ ਬੜੀਆਂ ਤਾਕਤਾਂ ਦੇ ਵਿਚਾਲੇ ਆਪਸੀ ਝਗੜਾ ਭੜਕਾਉਣਾ ਚਾਹੁੰਦਾ ਹੈ, ਤਾਂ ਕਿ ਦੋਵੇਂ ਕੰਮਜ਼ੋਰ ਹੋ ਜਾਣ ਅਤੇ ਇਸ ਉਪ-ਮਹਾਂਦੀਪ ਉੱਤੇ ਅਮਰੀਕਾ ਦਾ ਸੰਪੂਰਣ ਕਬਜ਼ਾ ਹੋਵੇ। ਹਿੰਦੋਸਤਾਨ ਨੂੰ ਅਮਰੀਕੀ ਸਾਮਰਾਜਵਾਦ ਦੇ ਇਸ ਜਾਲ਼ ਵਿੱਚ ਨਹੀਂ ਫ਼ਸਣਾ ਚਾਹੀਦਾ।

Share and Enjoy !

Shares

Leave a Reply

Your email address will not be published. Required fields are marked *